ਲੁਧਿਆਣਾ: ਜਿੱਥੇ ਸਾਡੇ ਪੁਲਿਸ ਮੁਲਾਜ਼ਮ ਲਗਾਤਾਰ ਲੋਕਾਂ ਦੀ ਸੇਵਾ ਲਈ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਕੋਰੋਨਾ ਵਾਇਰਸ ਦੇ ਖਿਲਾਫ਼ ਜਾਰੀ ਇਸ ਜੰਗ 'ਚ ਲੋਕਾਂ ਦੀ ਮਦਦ ਦਿਨ ਰਾਤ ਕਰ ਰਹੇ ਹਨ। ਉੱਥੇ ਹੀ ਕੁੱਝ ਸਮਾਜ ਸੇਵੀ ਸੰਸਥਾਵਾਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਵੀ ਮਦਦ ਕਰ ਰਹੀਆਂ ਹਨ। ਅੱਜ ਲੁਧਿਆਣਾ ਵਿਖੇ ਸਮਾਜ ਸੇਵੀ ਸੰਸਥਾਵਾਂ ਅਤੇ ਫੋਟੋ ਜਰਨਲਿਸਟ ਐਸੋਸੀਏਸ਼ਨ ਦੀ ਮਦਦ ਨਾਲ ਪੁਲਿਸ ਮੁਲਾਜ਼ਮਾਂ ਨੂੰ ਸੈਨੇਟਾਈਜ਼ ਕੀਤਾ ਗਿਆ।
ਲੁਧਿਆਣਾ ਦੇ ਸਰਾਭਾ ਨਗਰ ਥਾਣੇ ਦੇ ਵਿੱਚ ਪੂਰਾ ਥਾਣਾ ਸੈਨੇਟਾਈਜ਼ ਕੀਤਾ ਗਿਆ ਅਤੇ ਪੁਲਿਸ ਮੁਲਾਜ਼ਮਾਂ ਦੀ ਵਰਦੀ ਵੀ ਸੈਨੇਟਾਈਜ਼ ਕੀਤੀ ਗਈ, ਤਾਂ ਜੋ ਉਹ ਵੀ ਆਪਣੀ ਡਿਊਟੀ ਨਿਭਾਉਂਦੇ ਸਮੇਂ ਪੂਰੀ ਇਤਿਹਾਤ ਵਰਤਣ ਅਤੇ ਉਨ੍ਹਾਂ ਨੂੰ ਵੀ ਪੂਰੀ ਸੁਰੱਖਿਆ ਹੋਵੇ।
ਇਸ ਮੌਕੇ ਸਮਾਜ ਸੇਵੀ ਗੁਰਿੰਦਰ ਪਾਲ ਸਿੰਘ ਪੱਪੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਸਰਾਭਾ ਨਗਰ ਦੇ ਥਾਣੇ ਅਤੇ ਨਾਕਿਆਂ 'ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾ ਰਿਹਾ ਹੈ, ਕਿਉਂਕਿ ਉਹ ਦਿਨ ਰਾਤ ਤੋਂ ਸਾਡੀ ਸੇਵਾ ਕਰ ਰਹੇ ਹਨ। ਹਰਜੀਤ ਸਿੰਘ ਖਾਲਸਾ ਨੇ ਵੀ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਸਕਣ, ਕਿਉਂਕਿ ਉਹ ਦਿਨ ਰਾਤ ਚੌਕਾਂ ਨਾਕਿਆਂ 'ਤੇ ਖੜ੍ਹੇ ਰਹਿੰਦੇ ਹਨ ਅਤੇ ਵਾਇਰਸ ਦਾ ਖ਼ਤਰਾ ਸਭ ਤੋਂ ਵੱਧ ਉਨ੍ਹਾਂ ਨੂੰ ਹੀ ਇਸ ਵੇਲੇ ਹੋ ਰਿਹਾ ਹੈ।
ਉਧਰ ਦੂਜੇ ਪਾਸੇ ਥਾਣਾ ਸਰਾਭਾ ਨਗਰ ਦੇ ਮੁਖੀ ਏ ਐੱਸ ਆਈ ਮਨੋਹਰ ਲਾਲ ਨੇ ਇਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਹ ਇੱਕ ਚੰਗਾ ਉੱਦਮ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਵੀ ਇਹ ਮੈਸੇਜ ਦਿੱਤਾ ਕਿ ਉਹ ਆਪਣੇ ਘਰਾਂ ਵਿੱਚ ਰਹਿਣ, ਸੁਰੱਖਿਅਤ ਰਹਿਣ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ।