ਲੁਧਿਆਣਾ: ਪੰਜਾਬ ਦੀ ਕਾਂਗਰਸ ਸਰਕਾਰ ਨੂੰ ਤਿੰਨ ਸਾਲ ਪੂਰੇ ਹੋਣ ਜਾ ਰਹੇ ਹਨ ਅਤੇ ਲੁਧਿਆਣਾ ਦੇ ਵਿੱਚ ਵੱਡੀ ਤਦਾਦ 'ਚ ਚੱਲ ਰਹੇ ਸਰਕਾਰ ਦੇ ਵਿਕਾਸ ਕਾਰਜ ਆਰਥਿਕ ਤੰਗੀ ਦੇ ਕਾਰਨ ਵਿੱਚ ਵਿਚਾਲੇ ਹੀ ਲਟਕੇ ਗਏ ਹਨ।
ਇਨ੍ਹਾਂ 'ਚੋਂ ਵੱਡੀ ਉਦਾਹਰਣ ਜਗੀਰਪੁਰ ਦੀ ਮੁੱਖ ਸੜਕ ਹੈ ਜੋ 14 ਪਿੰਡਾਂ ਨੂੰ ਜੋੜਦੀ ਹੈ ਅਤੇ ਸੜਕ ਤੋਂ ਲੰਘਣ ਵਾਲੇ ਹੀ ਜਾਣਦੇ ਨੇ ਕਿ ਉਹ ਸੜਕ ਤੋਂ ਕਿਵੇਂ ਲੰਘਦੇ ਨੇ ਸੜਕ ਦੀ ਉਸਾਰੀ ਦਾ ਕੰਮ ਕਛੂਏ ਦੀ ਰਫ਼ਤਾਰ ਨਾਲ ਚੱਲ ਰਿਹਾ ਹੈ।
ਸੜਕ ਬਣਾਉਣ ਦਾ ਟੀਚਾ ਮਾਰਚ ਤੱਕ ਹੈ ਪਰ ਲੋਕਾਂ ਨੂੰ ਇਹ ਵੀ ਉਮੀਦ ਨਹੀਂ ਕਿ ਅਗਲੇ ਸਾਲ ਮਾਰਚ ਤੱਕ ਇਹ ਸੜਕ ਬਣ ਪਾਵੇਗੀ। ਸੜਕ ਕੰਢੇ ਦੁਕਾਨਦਾਰ ਕੰਮ ਨਾ ਚੱਲਣ ਕਾਰਨ ਪ੍ਰੇਸ਼ਾਨ ਹੋਏ ਪਏ ਹਨ ਅਤੇ ਸੜਕ ਤੋਂ ਲੰਘਣ ਵਾਲੇ ਲੋਕ ਮਿੱਟੀ ਘੱਟੇ ਤੋਂ, ਇਲਾਕਾ ਵਾਸੀਆਂ ਨੇ ਦੱਸਿਆ ਕਿ ਬਰਸਾਤ ਦੇ ਵਿੱਚ ਤਾਂ ਇਸ ਸੜਕ ਤੋਂ ਲੰਘਣਾ ਮੌਤ ਨੂੰ ਦਾਵਤ ਦੇਣ ਤੋਂ ਘੱਟ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ 2017 'ਚ ਸੀਵਰੇਜ ਪਾਉਣ ਦੇ ਨਾਂ ਤੇ ਸਾਰੇ ਪਿੰਡਾਂ ਦੀਆਂ ਸੜਕਾਂ ਪੱਟ ਦਿੱਤੀਆਂ ਗਈਆਂ ਉਦੋਂ ਤੋਂ ਸੜਕ ਦੇ ਅਜਿਹੇ ਹੀ ਹਾਲਾਤ ਹਨ ਤੇ ਸੜਕ ਬਣਾਉਣ ਦਾ ਕੰਮ ਜਿਸ ਰਫ਼ਤਾਰ ਨਾਲ ਚੱਲ ਰਿਹਾ ਹੈ ਉਸ ਤੋਂ ਉਨ੍ਹਾਂ ਨੂੰ ਉਮੀਦ ਨਹੀਂ ਕਿ ਅਗਲੇ ਸਾਲ ਤੱਕ ਵੀ ਇਹ ਬਣ ਸਕੇਗੀ।
ਜਦੋਂ ਇਸ ਸਬੰਧੀ ਪਿੰਡ ਦੀ ਸਰਪੰਚ ਦੇ ਪਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸੜਕ ਦਾ ਕੰਮ ਮਾਰਚ ਤੱਕ ਮੁਕੰਮਲ ਕਰਨਾ ਹੈ ਕੰਮ ਇਸ ਕਰਕੇ ਧੀਮੀ ਰਫ਼ਤਾਰ ਨਾਲ ਚੱਲ ਰਿਹਾ ਹੈ ਕਿਉਂਕਿ ਸੜਕ ਤੇ ਆਵਾਜਾਈ ਬਹੁਤ ਹੈ। ਲੁਧਿਆਣਾ ਵਿੱਚ ਇਹ ਕੋਈ ਪਹਿਲਾ ਪ੍ਰਾਜੈਕਟ ਨਹੀਂ ਜੋ ਅੱਧ ਵਿਚਾਲੇ ਲਟਕਿਆ ਹੋਵੇ। ਸਰਕਾਰ ਦੇ ਦਰਜਨਾਂ ਅਜਿਹੇ ਪ੍ਰਾਜੈਕਟ ਨੇ ਜੋ ਹਾਲੇ ਤੱਕ ਮੁਕੰਮਲ ਨਹੀਂ ਹੋਏ ਅਤੇ ਰੋਜ਼ਾਨਾ ਲੋਕ ਅਧੂਰੇ ਕੰਮਾਂ ਕਰਕੇ ਦੋ ਚਾਰ ਹੋਣ ਲਈ ਮਜਬੂਰ ਹੋ ਰਹੇ ਹਨ।