ਲੁਧਿਆਣਾ: ਸਨਅਤੀ ਸ਼ਹਿਰ ਲੁਧਿਆਣਾ 'ਚ ਜਿੱਥੇ ਇੱਕ ਪਾਸੇ ਕੋਰੋਨਾ ਮਹਾਂਮਾਰੀ ਆਏ ਦਿਨ ਪੈਰ ਪਸਾਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਵਾਸੀਆਂ ਦੇ ਮਨ 'ਚ ਹੋਰ ਬਿਮਾਰੀਆਂ ਦੇ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ।
ਜੇਕਰ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਤਾਦਾਦ ਵਿੱਚ ਇੱਥੇ ਸੀਵਰੇਜ ਤੋਂ ਪਾਣੀ ਛੱਡਿਆ ਜਾਂਦਾ ਹੈ। ਜਿਸ ਨਾਲ ਅਕਸਰ ਬਿਮਾਰੀਆਂ ਪੈਦਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਹਾਲਾਂਕਿ ਇਸ ਨੂੰ ਸੋਧਣ ਲਈ ਤਿੰਨ ਥਾਵਾਂ 'ਤੇ ਟ੍ਰੀਟਮੈਂਟ ਪਲਾਂਟ ਤਾਂ ਜ਼ਰੂਰ ਲਗਾਏ ਗਏ ਹਨ ਅਤੇ ਨਾਲ ਹੀ 2 ਨਵੇਂ ਟ੍ਰੀਟਮੈਂਟ ਪਲਾਂਟ ਲਾਉਣ ਦੀ ਵੀ ਗੱਲ ਕਹੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਸਨਅਤਕਾਰਾਂ ਅਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਕਾਰਪੋਰੇਸ਼ਨ ਵੱਲੋਂ ਸਹੀ ਢੰਗ ਨਾਲ ਕੰਮ ਨਹੀਂ ਕੀਤਾ ਗਿਆ ਅਤੇ ਨਾ ਹੀ ਇਹ ਟ੍ਰੀਟਮੈਂਟ ਪਲਾਂਟ ਸਹੀ ਤਰ੍ਹਾਂ ਕੰਮ ਕਰ ਰਹੇ ਹਨ।
ਦੱਸ ਦੇਈਏ ਲੁਧਿਆਣਾ ਦੇ ਵਿੱਚ ਲਗਭਗ ਇੰਡਸਟਰੀ ਅਤੇ ਰਿਹਾਇਸ਼ੀ ਸੀਵਰੇਜ ਦਾ 700 ਐੱਮ.ਐੱਲ.ਡੀ ਦੇ ਕਰੀਬ ਸੀਵਰੇਜ 'ਚ ਪਾਣੀ ਛੱਡਿਆ ਜਾਂਦਾ ਹੈ। ਜਿਸ ਨੂੰ ਸਾਫ ਕਰਨ ਲਈ ਤਿੰਨ ਪਲਾਂਟ ਲਗਾਏ ਗਏ ਸਨ। ਜਿਨ੍ਹਾਂ ਦੀ ਕੁੱਲ ਕਪੈਸਟੀ 466 ਐਮਐਲਡੀ ਹੈ। ਜਦੋਂ ਕਿ ਇੱਕ ਹੋਰ ਸੀਈਟੀਪੀ ਖਾਸ ਕਰਕੇ ਇੰਡਸਟਰੀਅਲ ਵੇਸਟ ਲਈ ਟ੍ਰੀਟਮੈਂਟ ਪਲਾਂਟ ਲਗਾਇਆ ਗਿਆ ਸੀ, ਜਿਸ ਦੀ 105 ਐਮਐਲਡੀ ਸਮਰੱਥਾ ਹੈ।
ਉਧਰ ਦੂਜੇ ਪਾਸੇ ਜਦੋਂ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਧਰਮਪਤਨੀ ਅਤੇ ਲੁਧਿਆਣਾ ਤੋਂ ਕੌਂਸਲਰ ਮਮਤਾ ਆਸ਼ੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵਿੱਚ ਇਸ ਵੇਲੇ ਤਿੰਨ ਸੀਵਰੇਜ ਟ੍ਰੀਟਮੈਂਟ ਪਲਾਂਟ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ ਦੋ ਪੁਰਾਣੀ ਤਕਨੀਕ ਦੇ ਨੇ ਪਰ ਹੁਣ ਨਵੀਂ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਏ ਜਾ ਰਹੇ ਹਨ। ਜਿਨ੍ਹਾਂ ਵਿੱਚੋਂ ਇੱਕ ਜਮਾਲਪੁਰ ਲੱਗਣਾ ਹੈ ਜਿਸ ਦੀ ਸਮਰੱਥਾ 225 ਐਮਐਲਡੀ ਹੈ ਅਤੇ ਦੂਜਾ ਰਾਜਪੁਰ ਰੋਡ 'ਤੇ ਲਾਇਆ ਜਾਣਾ ਹੈ। ਜਿਸ ਦੀ ਸਮਰੱਥਾ 60 ਐਮਐਲਡੀ ਹੋਵੇਗੀ ਅਤੇ ਇਸ ਨਾਲ ਸ਼ਹਿਰ ਦੇ ਰਿਹਾਇਸ਼ੀ ਅਤੇ ਸਨਅਤੀ ਇਲਾਕੇ ਦਾ ਪਾਣੀ ਟਰੀਟ ਕਰਕੇ ਬੁੱਢੇ ਨਾਲੇ ਵਿੱਚ ਪਾਇਆ ਜਾਵੇਗਾ। ਜਿਸ ਤੋਂ ਬਾਅਦ ਇਹ ਸਤਲੁਜ ਦਰਿਆ 'ਚ ਜਾਵੇਗਾ।
ਮਹਾਂਮਾਰੀ ਕਰਕੇ ਲਗਾਤਾਰ ਲੋਕਾਂ ਦੇ ਘਰਾਂ 'ਚੋਂ ਗੰਦਾ ਪਾਣੀ ਸੀਵਰੇਜ ਰਾਹੀਂ ਨਾਲੇ ਵਿੱਚ ਸੁੱਟਿਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਕਾਰਪੋਰੇਸ਼ਨ ਇਹ ਦਾਅਵੇ ਤਾਂ ਕਰ ਰਿਹਾ ਹੈ ਕਿ ਉਨ੍ਹਾਂ ਵੱਲੋਂ ਪਾਣੀ ਟਰੀਟ ਕੀਤਾ ਜਾ ਰਿਹਾ ਹੈ ਅਤੇ ਟ੍ਰੀਟਮੈਂਟ ਪਲਾਂਟਾਂ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ ਪਰ ਜ਼ਮੀਨੀ ਪੱਧਰ 'ਤੇ ਇਨ੍ਹਾਂ ਦਾਅਵਿਆਂ ਦੀ ਫੂਕ ਨਿਕਲਦੀ ਵਿਖਾਈ ਦੇ ਰਹੀ ਹੈ।