ਲੁਧਿਆਣਾ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਕਾਰਨ ਕਈ ਕੰਮਕਾਰ ਠੱਪ ਪਏ ਹਨ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿੰਨਰ ਵੀ ਇਸ ਸਮੇਂ ਕੋਰੋਨਾ ਕਾਰਨ ਪ੍ਰਭਾਵਿਤ ਹੋ ਰਹੇ ਰਹੇ ਕਿਉਂਕਿ ਵਿਆਹ-ਸ਼ਾਦੀਆਂ ਨਾ ਹੋਣ ਕਾਰਨ ਉਨ੍ਹਾਂ ਨੂੰ ਵਧਾਈ ਨਹੀਂ ਮਿਲ ਰਹੀ ਪਰ ਉਨ੍ਹਾਂ ਨੇ ਹੁਣ ਖ਼ੁਦ ਆਤਮ ਨਿਰਭਰ ਹੋਣ ਬਾਰੇ ਸੋਚਿਆ ਹੈ।
ਇਨ੍ਹੀਂ ਦਿਨੀਂ ਉਹ ਘਰ-ਘਰ ਜਾ ਕੇ ਵਧਾਈ ਮੰਗਣ ਦੀ ਥਾਂ ਆਤਮ ਨਿਰਭਰ ਬਣ ਕੇ ਆਪਣੀ ਮਿਹਨਤ ਦੀ ਕਮਾਈ ਕਰਨਾ ਚਾਹੁੰਦੇ ਹਨ। ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਰੱਖੜੀਆਂ ਬਣਾ ਕੇ ਨਾ ਸਿਰਫ ਉਹ ਆਪਣੇ ਘਰ ਦਾ ਖ਼ਰਚਾ ਚਲਾ ਰਹੇ ਹਨ ਸਗੋਂ ਚੀਨ ਤੋਂ ਆਉਣ ਵਾਲੀਆਂ ਰੱਖੜੀਆਂ ਨੂੰ ਵੀ ਮਾਤ ਦੇ ਰਹੇ ਹਨ।
ਲੁਧਿਆਣਾ ਵਿੱਚ ਮਨਸਾ ਐਨਜੀਓ ਚਲਾ ਰਹੀ ਕਿੰਨਰ ਮੋਹਣੀ ਨੇ ਦੱਸਿਆ ਕਿ ਉਹ ਹੁਣ ਵਧਾਈ ਮੰਗਣ ਲੋਕਾਂ ਦੇ ਘਰ ਨਹੀਂ ਜਾਂਦੇ, ਪਰ ਉਨ੍ਹਾਂ ਦੇ ਕੁੱਝ ਚੇਲੇ ਜ਼ਰਬਰ ਜਾਂਦੇ ਸੀ ਪਰ ਹੁਣ ਕੋਰੋਨਾ ਕਰਕੇ ਵਧਾਈਆਂ ਮੰਗਣ ਨਹੀਂ ਜਾ ਸਕਦੇ। ਘਰ ਦਾ ਗੁਜ਼ਾਰਾ ਚਲਾਉਣ ਲਈ ਉਹ ਉਪਰਾਲਾ ਜ਼ਰੂਰ ਕਰ ਰਹੇ ਹਨ ਜਿਸ ਤਹਿਤ ਉਹ ਘਰ ਵਿੱਚ ਹੀ ਰੱਖੜੀਆਂ ਬਣਾ ਕੇ ਦੁਕਾਨਾਂ ਉੱਤੇ ਵੇਚ ਦਿੰਦੇ ਹਨ।
ਇਸ ਤੋਂ ਉਨ੍ਹਾਂ ਨੂੰ ਜੋ ਵੀ ਪੈਸੇ ਮਿਲਦੇ ਹਨ ਉਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲ ਜਾਂਦਾ ਹੈ। ਇਸ ਤੋਂ ਇਲਾਵਾ ਤਿਉਹਾਰਾਂ ਦੇ ਦੌਰਾਨ ਮਹਿੰਦੀ ਲਾਉਣ ਦਾ ਕੰਮ ਵੀ ਕਰ ਰਹੇ ਹਨ। ਉਹ ਆਪਣੀ ਜੀਵਨ-ਸ਼ੈਲੀ ਬਦਲ ਰਹੇ ਹਨ ਅਤੇ ਬਾਕੀ ਕਿੰਨਰਾਂ ਨੂੰ ਇੱਕ ਚੰਗਾ ਸੁਨੇਹਾ ਦੇ ਰਹੇ ਹਨ।
ਕਿੰਨਰ ਸਮਾਜ ਅਕਸਰ ਹੀ ਲੋਕਾਂ ਦੀਆਂ ਖੁਸ਼ੀਆਂ ਵਿਚ ਸ਼ਰੀਕ ਹੋ ਕੇ ਉਨ੍ਹਾਂ ਨੂੰ ਵਧਾਈਆਂ ਦੇ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਸਨ ਪਰ ਹੁਣ ਸਮੇਂ ਦੇ ਨਾਲ ਉਨ੍ਹਾਂ ਆਪਣਾ ਰੁਜ਼ਗਾਰ ਵੀ ਬਦਲ ਲਿਆ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ।