ਲੁਧਿਆਣਾ: ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਲਗਾਤਾਰ ਟ੍ਰੇਨਾਂ ਚਲਾਉਣ ਨੂੰ ਲੈ ਕੇ ਰੇੜਕਾ ਬੀਤੇ ਦਿਨੀਂ ਖ਼ਤਮ ਹੋ ਗਿਆ ਹੈ। ਕਿਸਾਨਾਂ ਨੇ ਮਾਲ ਗੱਡੀਆਂ ਦੇ ਨਾਲ ਯਾਤਰੀ ਟ੍ਰੇਨਾਂ ਚਲਾਉਣ ਦਾ ਵੀ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਇੱਕ ਅਹਿਮ ਬੈਠਕ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵੱਖ-ਵੱਖ ਸਟੇਸ਼ਨਾਂ ਉੱਤੇ ਟ੍ਰੇਨਾਂ ਦੌੜਨ ਲੱਗੀਆਂ ਹਨ। ਲੁਧਿਆਣਾ ਰੇਲਵੇ ਸਟੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਇਕ ਮਾਲ ਗੱਡੀ ਜ਼ਰੂਰ ਲੁਧਿਆਣਾ ਵਿਖੇ ਸਟੇਸ਼ਨ ਪਹੁੰਚੀ ਹੈ।
ਆਰ.ਪੀ.ਐਫ ਦੇ ਐਸਐਚਓ ਅਨਿਲ ਕੁਮਾਰ ਨੇ ਕਿਹਾ ਕਿ ਲੁਧਿਆਣਾ ਵਿੱਚ ਟਰੈਕ ਸਾਰੇ ਖਾਲੀ ਕਰਵਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਵਾਧੂ ਫੋਰਸ ਵੀ ਮੰਗਾਈ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ।
ਉੱਧਰ ਦੂਜੇ ਪਾਸੇ ਫ਼ਿਰੋਜ਼ਪੁਰ ਮੰਡਲ ਤੋਂ ਮੰਡਲ ਪ੍ਰਧਾਨ ਨੇ ਇੱਕ ਪਾਸੇ ਜਿੱਥੇ ਟ੍ਰੇਨਾਂ ਚਲਾਉਣ ਲਈ ਪੰਜਾਬ ਦੇ ਕਿਸਾਨਾਂ ਦਾ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਕਿਹਾ ਕਿ ਉਹ ਇੰਨਾ ਹੀ ਕਹਿਣਾ ਚਾਉਣਗੇ ਕਿ ਜਿਸ ਟਰੇਨ ਲਈ ਪੰਜਾਬ ਨੂੰ ਜਾਣਿਆ ਜਾਂਦਾ ਹੈ ਖ਼ਾਸ ਕਰਕੇ ਗੋਲਡਨ ਟੈਂਪਲ ਐਕਸਪ੍ਰੈਸ ਜੋ ਕਿ ਫਿਲਹਾਲ ਅੰਬਾਲਾ ਤੱਕ ਹੀ ਆ ਰਹੀ ਸੀ ਪਰ ਅੱਜ ਉਹ ਪੰਜਾਬ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਪ੍ਰਬੰਧ ਸ਼ਨੀਵਾਰ ਤੋਂ ਬਾਅਦ ਹੀ ਟ੍ਰੇਨਾਂ ਚਲਾਉਣ ਦੇ ਫੈਸਲੇ ਨਾਲ ਮੁਕੰਮਲ ਕਰ ਲਏ ਗਏ ਹਨ।