ਲੁਧਿਆਣਾ: ਬੀਤੇ ਦਿਨਾਂ ਲੁਧਿਆਣਾ ਦੇ ਬੱਸ ਸਟੈਂਡ ਇਲਾਕੇ ਨੇੜੇ ਨਸ਼ੇ ਦੀ ਹਾਲਤ ਵਿੱਚ ਕੁੜੀਆਂ ਦੀ ਵੀਡੀਓ ਸਾਹਮਣੇ ਆਈ ਸੀ ਅਤੇ ਕਿਹਾ ਇਹ ਵੀ ਜਾ ਰਿਹਾ ਸੀ ਕਿ ਬੱਸ ਨੇੜੇ ਬਣੇ ਹੋਟਲਾਂ ਦੇ ਵਿੱਚ ਇਹ ਕੁੜੀਆਂ ਦੇਹ ਵਪਾਰ ਦਾ ਧੰਦਾ ਕਰਦੀਆਂ ਹਨ। ਇਸ ਤੋਂ ਬਾਅਦ ਇਹ ਮਾਮਲਾ ਮੌਜੂਦਾ ਵਿਧਾਇਕ ਗੁਰਪ੍ਰੀਤ ਗੋਗੀ ਦੇ ਧਿਆਨ ਵਿੱਚ ਆਇਆ ਤਾਂ ਪੁਲਿਸ ਨੇ ਉੱਥੇ ਜਾ ਕੇ ਮੌਕਾ ਵੇਖਿਆ। ਥਾਣਾ ਡਿਵੀਜ਼ਨ 5 ਦੀ ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਕੁੜੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਅਤੇ 9 ਕੁੜੀਆਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ।
ਇਸ ਸਬੰਧ ਵਿਚ ਏਸੀਪੀ ਜਸਰੂਪ ਕੌਰ ਬਾਠ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਕਿਹਾ ਵੱਖ-ਵੱਖ ਧਾਰਾਵਾਂ ਤਹਿਤ ਇਨ੍ਹਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਧਰ ਗੱਲਬਾਤ ਕਰਦੇ ਹੋਏ ਏਸੀਪੀ ਸਿਵਲ ਲਾਈਨ ਜਸਰੂਪ ਕੌਰ ਬਾਠ ਨੇ ਕਿਹਾ ਕਿ ਬੀਤੇ ਦਿਨੀਂ ਮਿਲੀ ਸ਼ਿਕਾਇਤ ਤੋਂ ਬਾਅਦ ਥਾਣਾ ਡਿਵੀਜ਼ਨ ਪੰਜ ਪੁਲਿਸ ਅਤੇ ਬੱਸ ਸਟੈਂਡ ਚੌਕੀ ਨੇ ਤਿੰਨ ਨਸ਼ੇ ਦੀ ਹਾਲਤ ਵਿੱਚ ਕੁੜੀਆਂ ਨੂੰ ਕਾਬੂ ਕੀਤਾ ਹੈ ਅਤੇ 9 ਕੁੜੀਆਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਹੋਟਲਾਂ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਮੁਲਜ਼ਮ ਸਾਹਮਣੇ ਆਉਣਗੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੈਡੀਕਲ ਨਸ਼ੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਤੇ ਹਾਲੇ ਉਹਨਾਂ ਨੂੰ ਸ਼ੱਕ ਹੈ, ਜੋ ਵੀ ਜਾਂਚ ਦੌਰਾਨ ਪਾਇਆ ਗਿਆ ਉਸ ਖਿਲਾਫ ਐਕਸ਼ਨ ਲਿਆ ਜਾਵੇਗਾ। ਇਸ ਤੋਂ ਇਲਾਵਾ ਸਪਾ ਸੈਂਟਰਾਂ ਅਤੇ ਹੋਟਲਾਂ ਵਿੱਚ ਚੱਲ ਰਹੇ ਧੰਦੇ ਦਾ ਉਨ੍ਹਾਂ ਜਲਦ ਪਰਦਾਫ਼ਾਸ਼ ਕਰਨ ਦੀ ਗੱਲ ਕਹੀ ਅਤੇ ਕਿਹਾ ਕਿ ਵੱਖ ਵੱਖ ਟੀਮਾਂ ਦੇ ਜ਼ਰੀਏ ਇਹ ਮੁਹਿੰਮ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਲੁਧਿਆਣਾ ਜ਼ਿਲੇ ਦੇ ਬੱਸ ਸਟੈਂਡ ਦੇ ਬਾਹਰ ਨਸ਼ੇ ਦੀ ਹਾਲਤ 'ਚ ਬੈਠੀ ਇਕ ਔਰਤ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲਾ ਪੁਲਿਸ ਅਤੇ ਹਲਕਾ ਵਿਧਾਇਕ ਗੁਰਪ੍ਰੀਤ ਗੋਗੀ ਹਰਕਤ 'ਚ ਆ ਗਏ ਹਨ। ਲੋਕਾਂ ਨੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਦੱਸਿਆ ਕਿ ਜਵਾਹਰ ਨਗਰ ਕੈਂਪ ਅਤੇ ਬੱਸ ਸਟੈਂਡ ਦੇ ਆਸ-ਪਾਸ ਚਿੱਟਾ ਸ਼ਰੇਆਮ ਵੇਚਿਆ ਜਾ ਰਿਹਾ ਹੈ। ਬੱਸ ਸਟੈਂਡ ਦੇ ਬਾਹਰ ਕੁੜੀਆਂ ਦੇ ਗੈਂਗ ਘੁੰਮ ਰਹੇ ਹਨ। ਨਸ਼ਾ ਕਰਨ ਤੋਂ ਬਾਅਦ ਕੁੜੀਆਂ ਵੇਸਵਾਵਾਂ ਦਾ ਕੰਮ ਕਰਦੀਆਂ ਹਨ। ਨਸ਼ੇ ਦੀ ਪੂਰਤੀ ਲਈ ਕੁੜੀਆਂ ਵੀ ਨਸ਼ਾ ਤਸਕਰਾਂ ਦੀਆਂ ਮੋਹਰਾਂ ਬਣ ਜਾਂਦੀਆਂ ਹਨ। ਜਦੋਂ ਵਿਧਾਇਕ ਗੋਗੀ ਅਤੇ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਤਾਂ ਕਈ ਨਸ਼ਾ ਤਸਕਰ ਫ਼ਰਾਰ ਹੋ ਗਏ।