ਲੁਧਿਆਣਾ: ਲੁਧਿਆਣਾ ਦਾ ਵਿਧਾਨ ਸਭਾ ਹਲਕਾ ਪੱਛਮੀ ਇਸ ਵਾਰ ਲੁਧਿਆਣਾ ਦੀ ਸਭ ਤੋਂ ਵੱਧ ਸੀਟਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਜੇਕਰ ਇੱਥੇ ਕੁੱਲ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਪੱਛਮੀ ਵਿਚ ਕੁੱਲ ਵੋਟਰਾਂ ਦੀ ਗਿਣਤੀ 1 ਲੱਖ 82 ਹਜਾਰ 455 ਹੈ ਅਤੇ ਮਰਦ ਵੋਟਰਾਂ ਦੀ ਗਿਣਤੀ 94 ਹਜਾਰ 208 ਜਦੋਂ ਕਿ ਮਹਿਲਾ ਵੋਟਰਾਂ ਦੀ ਗਿਣਤੀ 88 ਹਜਾਰ 238 ਹੈ ਅਤੇ ਇਸ ਵਾਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਦੇ ਵਿੱਚ 63.73 ਵੋਟਾਂ ਪਈਆਂ। ਜੇਕਰ ਪੰਜਾਬ ਦੀ ਜਾਂ ਲੁਧਿਆਣਾ ਦੀ ਓਵਰਆਲ ਵੋਟਿੰਗ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਪੱਛਮੀ ਦੇ ਵਿਚ ਕਾਫੀ ਘੱਟ ਵੋਟ ਦਰ ਰਹੀ ਹੈ, ਹਾਲਾਂਕਿ ਜੇਕਰ ਗੱਲ 2017 ਕਿਵੇਂ ਕੀਤੀ ਜਾਵੇ ਤਾਂ ਇੱਥੇ 72 ਦੇ ਕਰੀਬ ਵੋਟਾਂ ਪਈਆਂ ਸਨ।
ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ
ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ ਜੋ ਕਿ ਕੈਬਨਿਟ ਵਿਚ ਖੁਰਾਕ ਸਪਲਾਈ ਮੰਤਰੀ ਰਹੇ, ਉਨ੍ਹਾਂ ਨੂੰ ਕਾਂਗਰਸ ਦੀ ਸਰਕਾਰ ਬਣਨ ਦੇ ਦੌਰਾਨ ਪਹਿਲੀ ਹੀ ਕੈਬਨਿਟ ਦੇ ਵਿੱਚ ਸਹੁੰ ਚੁਕਾ ਕੇ ਮੰਤਰੀ ਬਣਾਇਆ ਗਿਆ। ਇੰਨਾ ਹੀ ਨਹੀਂ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਭਾਵੇਂ ਮੁੱਖ ਮੰਤਰੀ ਪੰਜਾਬ ਦੇ ਬਣੇ ਤਾਂ ਉਦੋਂ ਵੀ ਭਾਰਤ ਭੂਸ਼ਣ ਆਸ਼ੂ ਨੂੰ ਕੈਬਿਨੇਟ ਦੇ ਵਿਚ ਬਰਕਰਾਰ ਰੱਖਿਆ ਗਿਆ ਇੱਥੋਂ ਤੱਕ ਕਿ ਉਨ੍ਹਾਂ ਦਾ ਮਹਿਕਮਾ ਵੀ ਨਹੀਂ ਬਦਲਿਆ ਗਿਆ।
ਭਾਰਤ ਭੂਸ਼ਣ ਆਸ਼ੂ ਲਗਾਤਾਰ 2 ਵਾਰ ਲੁਧਿਆਣਾ ਤੋਂ ਜਿੱਤਦੇ ਰਹੇ ਨੇ, ਜੇਕਰ ਗੱਲ 2017 ਵਿਧਾਨ ਸਭਾ ਚੋਣਾਂ ਦੀ ਕੀਤੀ ਜਾਵੇ ਤਾਂ ਭਾਰਤ ਭੂਸ਼ਣ ਆਸ਼ੂ ਨੂੰ 66 ਹਜਾਰ 627 ਵੋਟਾਂ ਪਈਆਂ ਸਨ। ਇੰਨੀਆਂ ਵੋਟਾਂ ਉਨ੍ਹਾਂ ਦੇ ਸਾਰੇ ਵਿਰੋਧੀਆਂ ਨੂੰ ਵੀ ਨਹੀਂ ਪਈਆਂ ਸਨ। ਭਾਰਤ ਭੂਸ਼ਣ ਆਸ਼ੂ ਦਾ ਲੰਮਾ ਸਿਆਸੀ ਭਵਿੱਖ ਰਿਹਾ ਹੈ, ਉਹ 3 ਵਾਰ ਆਪਣੇ ਵਾਰਡ ਤੋਂ ਕੌਂਸਲਰ ਜਿੱਤਦੇ ਰਹੇ ਅਤੇ ਮੌਜੂਦਾ ਸਮੇਂ ਵਿਚ ਉਨ੍ਹਾਂ ਦੀ ਪਤਨੀ ਉਨ੍ਹਾਂ ਦੇ ਵਾਰਡ ਤੋਂ ਕੌਂਸਲਰ ਹਨ 2012 ਭਾਰਤ ਵਿੱਚ ਵੀ ਭਾਰਤ ਭੂਸ਼ਣ ਆਸ਼ੂ ਹੀ ਲੁਧਿਆਣਾ ਪੱਛਮੀ ਸੀਟ ਤੋਂ ਜੇਤੂ ਰਹੇ ਸਨ। ਮੌਜੂਦਾ ਹਾਲਾਤਾਂ ਵਿੱਚ ਲਗਾਤਾਰ ਸਾਰੀਆਂ ਹੀ ਪਾਰਟੀਆਂ ਭਾਰਤ ਭੂਸ਼ਣ ਆਸ਼ੂ ਨੂੰ ਹਰਾਉਣ ਵਿੱਚ ਅੱਡੀ ਚੋਟੀ ਦਾ ਜ਼ੋਰ ਲਗਾਉਂਦੀਆਂ ਰਹੀਆਂ ਵਿਖਾਈ ਦਿੱਤੀਆਂ।
ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ ਇੰਦਰ ਗਰੇਵਾਲ
ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ਼ ਲੁਧਿਆਣਾ 'ਚ ਆਪਣੇ ਸਭ ਤੋਂ ਮਜ਼ਬੂਤ ਭਾਜਪਾ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੂੰ ਭਾਰਤ ਭੂਸ਼ਣ ਆਸ਼ੂ ਨੇ ਖ਼ਿਲਾਫ਼ ਚੋਣ ਮੈਦਾਨ ਵਿੱਚ ਖੜ੍ਹਾ ਕੀਤਾ। ਮਹੇਸ਼ਇੰਦਰ ਗਰੇਵਾਲ ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਸਿਆਸੀ ਸਲਾਹਕਾਰ ਵੀ ਰਹੇ, ਜਦੋਂ ਉਹ ਮੁੱਖ ਮੰਤਰੀ ਸਨ। ਮਹੇਸ਼ਇੰਦਰ ਗਰੇਵਾਲ ਕੋਲ ਕੈਬਨਿਟ ਰੈਂਕ ਦਾ ਅਹੁਦਾ ਵੀ ਰਿਹਾ ਹੈ।
ਸਾਲ 2019 ਦੀਆਂ ਪਿਛਲੀਆਂ ਚੋਣਾਂ ਵਿੱਚ ਮਹੇਸ਼ਇੰਦਰ ਗਰੇਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਵੀ ਲੜਾਈ ਗਈ। ਹਾਲਾਂਕਿ ਇਸ ਚੋਣਾਂ ਦੇ ਵਿੱਚ ਰਵਨੀਤ ਸਿੰਘ ਬਿੱਟੂ ਪਹਿਲੇ ਨੰਬਰ 'ਤੇ ਰਹੇ ਜਦੋਂ ਕਿ ਸਿਮਰਜੀਤ ਬੈਂਸ ਦੂਜੇ ਨੰਬਰ 'ਤੇ ਅਤੇ ਮਹੇਸ਼ਇੰਦਰ ਗਰੇਵਾਲ ਤੀਜੇ ਨੰਬਰ 'ਤੇ ਰਹੇ, ਪਰ ਫਿਰ ਵੀ ਉਨ੍ਹਾਂ ਨੂੰ 2 ਲੱਖ ਦੇ ਕਰੀਬ ਵੋਟਾਂ ਪੈ ਗਈਆਂ ਸਨ।
ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ
ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ। ਗੁਰਪ੍ਰੀਤ ਗੋਗੀ ਕੋਲ ਪੰਜਾਬ ਸਟੇਟ ਮੀਡੀਅਮ ਇੰਡਸਟਰੀ ਚੇਅਰਮੈਨ ਦਾ ਅਹੁਦਾ ਵੀ ਰਿਹਾ ਹੈ। ਲਗਾਤਾਰ 3 ਵਾਰ ਉਹ ਆਪਣੇ ਵਾਰਡ ਤੋਂ ਕੌਂਸਲਰ ਵੀ ਬਣੇ ਰਹੇ ਪਰ ਪੰਜਾਬ ਇੰਡਸਟਰੀ ਦੇ ਚੇਅਰਮੈਨ ਬਣਨ ਦੇ ਲਗਪਗ 2 ਸਾਲ ਬਾਅਦ ਗੁਰਪ੍ਰੀਤ ਗੋਗੀ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ।
ਵਿਧਾਨ ਸਭਾ ਚੋਣਾਂ ਤੋਂ ਲਗਭਗ ਡੇਢ ਮਹੀਨਾ ਪਹਿਲਾਂ ਗੁਰਪ੍ਰੀਤ ਗੋਗੀ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਅਤੇ ਉਨ੍ਹਾਂ ਨੂੰ ਲੁਧਿਆਣਾ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਘੋਸ਼ਿਤ ਕਰ ਦਿੱਤਾ। ਹਾਲਾਂਕਿ ਜੇਕਰ ਪਿਛਲੇ ਉਮੀਦਵਾਰ ਦੀ ਗੱਲ ਕੀਤੀ ਜਾਵੇ ਤਾਂ 2017 ਆਮ ਆਦਮੀ ਪਾਰਟੀ ਦੇ ਮੌਜੂਦਾ ਬੁਲਾਰੇ ਅਹਿਬਾਬ ਗਰੇਵਾਲ ਨੇ ਇਸ ਸੀਟ ਤੋਂ ਚੋਣ ਲੜੀ ਸੀ ਅਤੇ ਉਹ ਦੂਜੇ ਨੰਬਰ 'ਤੇ ਰਹੇ ਸਨ। ਜਿਥੇ ਅਹਿਬਾਬ ਗਰੇਵਾਲ ਨੂੰ ਕੁੱਲ 30106 ਵੋਟਾਂ ਪਈਆਂ ਸਨ।
ਭਾਜਪਾ ਦੇ ਐਡਵੋਕੇਟ ਬਿਕਰਮ ਸਿੱਧੂ
ਭਾਜਪਾ ਅਤੇ ਅਕਾਲੀ ਦਲ ਦੇ ਗਠਜੋੜ ਦੇ ਦੌਰਾਨ ਪਹਿਲਾਂ ਭਾਜਪਾ ਹੀ ਲੁਧਿਆਣਾ ਪੱਛਮੀ ਤੋਂ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਖੜ੍ਹਾ ਕਰਦੀ ਸੀ। 2017 'ਚ ਭਾਜਪਾ ਵੱਲੋਂ ਕਮਲ ਚੇਤਲੀ ਨੂੰ ਲੁਧਿਆਣਾ ਪੱਛਮੀ ਤੋਂ ਚੋਣ ਮੈਦਾਨ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਉਤਾਰਿਆ ਗਿਆ ਸੀ। ਕਮਲ ਚੇਟਲੀ ਇਸ ਸੀਟ 'ਤੇ ਕੁਝ ਬਹੁਤਾ ਨਹੀਂ ਕਰ ਸਕੇ ਸਨ। ਉਨ੍ਹਾਂ ਨੂੰ 22620 ਵੋਟਾਂ ਪਈਆਂ ਸਨ, ਉਹ ਤੀਜੇ ਨੰਬਰ 'ਤੇ ਰਹੇ ਸਨ। ਹਾਲਾਂਕਿ ਕਮਲ ਚੇਤਲੀ ਨੇ ਵੀ ਬਾਅਦ ਵਿੱਚ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਦਾ ਹੱਥ ਫੜ ਲਿਆ।
ਇਸ ਵਾਰ ਐਡਵੋਕੇਟ ਬਿਕਰਮ ਸਿੱਧੂ ਨੂੰ ਭਾਜਪਾ ਨੇ ਪੱਛਮੀ ਸੀਟ ਤੋਂ ਲੜਾਇਆ ਹੈ। ਐਡਵੋਕੇਟ ਬਿਕਰਮ ਸਿੱਧੂ ਸੀਨੀਅਰ ਵਕੀਲ ਨੇ ਅਤੇ ਇਲਾਕੇ ਦੇ ਵਿੱਚ ਉਨ੍ਹਾਂ ਦਾ ਚੰਗਾ ਦਬਦਬਾ ਹੈ। ਲੁਧਿਆਣਾ ਦੇ ਵਿੱਚ ਭਾਜਪਾ ਦੇ ਜਿੰਨ੍ਹੇ ਉਮੀਦਵਾਰ ਖੜ੍ਹੇ ਕੀਤੇ। ਉਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਮਜ਼ਬੂਤ ਉਮੀਦਵਾਰ ਇਨ੍ਹਾਂ ਨੂੰ ਹੀ ਮੰਨਿਆ ਜਾ ਰਿਹਾ ਹੈ। ਬਿਕਰਮ ਸਿੱਧੂ ਵੀ ਲਗਾਤਾਰ ਮੰਤਰੀ ਭਾਰਤ ਭੂਸ਼ਣ ਖ਼ਿਲਾਫ਼ ਪ੍ਰੈਸ ਕਾਨਫਰੰਸਾਂ ਕਰਕੇ ਵੱਡੇ-ਵੱਡੇ ਖੁਲਾਸੇ ਕਰਦੇ ਰਹੇ। ਹਾਲਾਂਕਿ ਉਨ੍ਹਾਂ ਦਾ ਸਿਆਸੀ ਪਿਛੋਕੜ ਨਹੀਂ ਹੈ ਪਰ ਵਕੀਲ ਹੋਣ ਕਰਕੇ ਸਿਆਸਤ ਉਨ੍ਹਾਂ ਲਈ ਕੋਈ ਵੱਖਰੀ ਗੱਲ ਨਹੀਂ ਹੈ।
SSM ਦੇ ਤਰੁਣ ਜੈਨ ਬਾਵਾ
ਕਿਸਾਨ ਅੰਦੋਲਨ ਫਤਿਹ ਕਰਨ ਤੋਂ ਬਾਅਦ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਚੋਣਾਂ ਲੜਨ ਦਾ ਫ਼ੈਸਲਾ ਲਿਆ ਗਿਆ ਹੈ। ਇੱਥੇ ਸੰਯੁਕਤ ਸਮਾਜ ਮੋਰਚੇ ਦੇ ਨਾਂ ਦਾ ਇਕ ਫਰੰਟ ਵੀ ਬਣਾਇਆ ਗਿਆ। ਜਿਸ ਨੇ ਲੁਧਿਆਣਾ ਦੀ ਭਾਰਤੀ ਆਰਥਿਕ ਪਾਰਟੀ ਸਾਂਝਾ ਨਾਲ ਗੱਠਜੋੜ ਕੀਤਾ ਅਤੇ ਲੁਧਿਆਣਾ ਦੀਆਂ ਕਈ ਸੀਟਾਂ ਤੋਂ ਭਾਰਤੀ ਆਰਥਿਕ ਪਾਰਟੀ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਅਹਿਮ ਇਸ ਪਾਰਟੀ ਦੇ ਪ੍ਰਧਾਨ ਤਰੁਣ ਜੈਨ ਬਾਵਾ ਲੁਧਿਆਣਾ ਪੱਛਮੀ ਹਲਕੇ ਤੋਂ ਖੜ੍ਹੇ ਹੋਏ।
ਤਰੁਣ ਜੈਨ ਬਾਵਾ ਲੁਧਿਆਣਾ ਦੇ ਇੱਕ ਮੰਨੇ ਪ੍ਰਮੰਨੇ ਕਾਰੋਬਾਰੀ ਹਨ। ਬੀਤੇ ਕਈ ਸਮੇਂ ਤੋਂ ਉਹ ਲਗਾਤਾਰ ਰਾਜਨੀਤੀ ਵਿੱਚ ਸਰਗਰਮ ਹੋਏ ਨੇ, ਹਾਲਾਂਕਿ ਉਨ੍ਹਾਂ ਦਾ ਕੋਈ ਬਹੁਤਾ ਵੱਡਾ ਸਿਆਸੀ ਪਿਛੋਕੜ ਨਹੀਂ ਰਿਹਾ। ਤਰੁਣ ਜੈਨ ਬਾਵਾ ਨੇ ਕੌਂਸਲਰ ਤੱਕ ਦੀ ਚੋਣ ਹਾਲੇ ਤੱਕ ਨਹੀਂ ਲੜੀ ਪਰ ਲੁਧਿਆਣਾ ਪੱਛਮੀ ਹਲਕੇ ਵਿੱਚ ਵੱਡੀ ਤਦਾਦ 'ਚ ਕਾਰੋਬਾਰੀ ਅਤੇ ਜੈਨ ਸਮਾਜ ਦੇ ਲੋਕ ਰਹਿੰਦੇ ਹਨ। ਇਸ ਕਰਕੇ ਤਰੁਣ ਜੈਨ ਬਾਵਾ ਨੂੰ ਇਥੋਂ ਮਜ਼ਬੂਤ ਉਮੀਦਵਾਰ ਦੇ ਤੌਰ 'ਤੇ ਉਤਾਰਿਆ ਗਿਆ।
ਇਲਾਕੇ ਦੀਆਂ ਸਮੱਸਿਆਵਾਂ
ਲੁਧਿਆਣਾ ਪੱਛਮੀ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇਹ ਨਿਰੋਲ ਸ਼ਹਿਰੀ ਖੇਤਰ ਹੈ ਅਤੇ ਜੇਕਰ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਸਭ ਤੋਂ ਜ਼ਿਆਦਾ ਕੰਮ ਕਿਸੇ ਹਲਕੇ ਵਿੱਚ ਹੋਏ ਹਨ ਤਾਂ ਉਹ ਲੁਧਿਆਣਾ ਪੱਛਮੀ ਵਿਚ ਹੀ ਹੋਏ ਹਨ। ਇਸੇ ਕਰਕੇ ਲਗਾਤਾਰ ਸਮਾਰਟ ਸਿਟੀ ਨੂੰ ਲੈ ਕੇ ਵੀ ਪੱਛਮੀ ਹਲਕੇ ਵਿਚ ਵਿਰੋਧੀਆਂ ਵੱਲੋਂ ਲਗਾਤਾਰ ਸਵਾਲ ਵੀ ਚੁੱਕੇ ਜਾਂਦੇ ਰਹੇ ਹਨ। ਲੁਧਿਆਣਾ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਅਤੇ ਪੋਰਸ਼ ਇਲਾਕਾ ਲੁਧਿਆਣਾ ਪੱਛਮੀ ਦੇ ਵਿੱਚ ਹੀ ਪੈਂਦਾ ਹੈ। ਜ਼ਿਆਦਾਤਰ ਕਾਰੋਬਾਰੀਆਂ ਦੇ ਰਿਹਾਇਸ਼ਾਂ ਵੀ ਇਸੇ ਖੇਤਰ ਦੇ ਵਿੱਚ ਹੈ, ਇਸੇ ਕਰਕੇ ਇਸ ਵਿਧਾਨ ਸਭਾ ਹਲਕੇ ਨੂੰ ਲੁਧਿਆਣਾ ਦੀ ਕਰੀਮ ਦੱਸਿਆ ਜਾਂਦਾ ਹੈ।
ਜੇਕਰ ਬੀਤੇ ਸਮਿਆਂ ਦੀ ਗੱਲ ਕੀਤੀ ਜਾਵੇ ਤਾਂ ਇਲਾਕੇ ਦੇ ਵਿੱਚ ਕਈ ਸੜਕਾਂ ਦੀ ਉਸਾਰੀ ਦਾ ਕੰਮ ਹਾਲੇ ਤਕ ਚੱਲਦਾ ਆ ਰਿਹਾ ਹੈ। ਖਾਸ ਕਰਕੇ ਲੁਧਿਆਣਾ ਦੇ ਦੁੱਗਰੀ ਇਲਾਕੇ ਦੇ ਵਿੱਚ ਬਣ ਰਹੇ ਅੰਡਰਪਾਸ ਬ੍ਰਿਜ ਅਤੇ ਓਵਰ ਰੇਲਵੇ ਬ੍ਰਿਜ ਜਿਸ ਦਾ ਕੰਮ ਲੰਮੇ ਸਮੇਂ ਤੋਂ ਅਟਕਿਆ ਹੋਇਆ ਹੈ, ਜਿਸ ਕਰਕੇ ਲੋਕ ਕਾਫੀ ਖੱਜਲ ਖੁਆਰ ਵੀ ਹੁੰਦੇ ਰਹੇ। ਇਸ ਤੋਂ ਇਲਾਵਾ ਇੰਟਰਲੋਕ ਟਾਇਲਾਂ ਦਾ ਮਾਮਲਾ, ਮਲਹਾਰ ਰੋਡ ਦਾ ਮਾਮਲਾ ਵੀ ਲੁਧਿਆਣਾ ਪੱਛਮੀ ਹਲਕੇ ਦੀਆਂ ਮੁੱਖ ਸਮੱਸਿਆਵਾਂ ਵਿੱਚੋਂ ਇੱਕ ਰਿਹਾ।
ਇਹ ਵੀ ਪੜ੍ਹੋ: ਯੂਕਰੇਨ ’ਚ ਫਸੇ ਸਿੱਖ ਨੌਜਵਾਨਾਂ ਨੂੰ ਸਿਮਰਨਜੀਤ ਸਿੰਘ ਮਾਨ ਦੀ ਅਪੀਲ, ਕਿਹਾ- 'ਡਰ ਕੇ ਨਾ ਭੱਜੋ, ਮੁਕਾਬਲਾ ਕਰੋ'