ਲੁਧਿਆਣਾ: ਰਾਏਕੋਟ ਦੇ ਮੁਹੱਲਾ ਪ੍ਰੇਮ ਨਗਰ ਵਿਖੇ 2 ਗੁਆਂਢੀਆਂ ਵਿਚਕਾਰ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਝਗੜਾ ਹੋ ਗਿਆ ਤੇ ਇਸ ਦੌਰਾਨ ਗੋਲੀਆਂ ਤਕ ਚੱਲ ਗਈਆਂ। ਇਸ ਘਟਨਾ ਦੌਰਾਨ 2 ਵਿਅਕਤੀ ਜਖਮੀ ਹੋ ਗਏ ਜੋ ਹਸਪਤਾਲ ਵਿੱਚ ਜੇਰੇ ਇਲਾਜ਼ ਹਨ।
ਇਹ ਵੀ ਪੜੋ: ਬੱਚਿਆਂ ਦੀ ਰੰਜਿਸ਼ ਨੇ ਧਾਰਿਆ ਖੂਨੀ ਰੂਪ !, ਦੇਖੋ ਸੀਸੀਟੀਵੀ
ਜ਼ੇਰੇ ਇਲਾਜ ਮੁਹੱਲਾ ਪ੍ਰੇਮ ਨਗਰ ਰਾਏਕੋਟ ਦੇ ਵਸਨੀਕ ਕਿਸ਼ਨ ਕੁਮਾਰ ਵਾਸੀ ਦੱਸਿਆ ਕਿ ਗੰਦੇ ਪਾਣੀ ਨਿਕਾਸੀ ਵਾਲੀ ਪਾਇਪ ਘਰ ਦੇ ਪਿਛਲੇ ਪਾਸੇ ਰਸਤੇ ਵਿੱਚੋਂ ਲੰਘਦੀ ਹੈ, ਜਿਸ ਨੂੰ ਬੀਤੀ ਰਾਤ ਨੂੰ ਮਨੋਜ ਮਲਹੋਤਰਾ ਨੇ ਇੱਕ ਹੋਰ ਅਣਪਛਾਤੇ ਦੀ ਮਦਦ ਨਾਲ ਤੋੜ ਦਿੱਤਾ, ਅੱਜ ਸਵੇਰੇ ਉਹ ਮਨੋਜ ਮਲਹੋਤਰਾ ਦੇ ਘਰ ਉਲਾਂਭਾ ਦੇਣ ਗਏ ਤਾਂ ਦੋਵਾਂ ਵਿਚਕਾਰ ਤਕਰਾਰ ਹੋ ਗਿਆ ਅਤੇ ਮਨੋਜ ਮਲਹੋਤਰਾ ਨੇ ਆਪਣੇ ਲਾਇਸੈਂਸੀ 32 ਬੋਰ ਰਿਵਾਲਵਰ ਨਾਲ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ।
ਦੂਜੇ ਪਾਸੇ ਮਨੋਜ ਮਲਹੋਤਰਾ ਨੇ ਦੱਸਿਆ ਕਿ ਕਿਸ਼ਨ ਕੁਮਾਰ ਉਸ ਦਾ ਪੁੱਤਰ ਕਬੀਰ ਅਤੇ ਚੰਦਨ ਕੁਮਾਰ ਨੇ ਉਸ ਉਪਰ ਬੇਸਬਾਲ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਉਸ ਨੇ ਆਪਣੇ ਬਚਾਅ ਲਈ ਹਵਾਈ ਫਾਇਰ ਕੀਤੇ ਅਤੇ ਆਪਣੀ ਜਾਨ ਬਚਾਅ ਕੇ ਨਿਕਲਿਆ।
ਉਧਰ ਜਦੋਂ ਇਸ ਸਬੰਧੀ ਐਸਐਚਓ ਸਿਟੀ ਰਾਏਕੋਟ ਅਜੈਬ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਿਸ਼ਨ ਕੁਮਾਰ ਦੇ ਬਿਆਨਾਂ ‘ਤੇ ਮਨੋਜ ਮਲਹੋਤਰਾ ਖਿਲਾਫ਼ ਧਾਰਾ 307 ਅਤੇ ਅਸਲਾ ਐਕਟ 27,54,59 ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ, ਮਨੋਜ ਮਲਹੋਤਰਾ ਦੇ ਬਿਆਨਾਂ ਦੇ ਆਧਾਰ ‘ਤੇ ਪੜਤਾਲ ਕੀਤੀ ਜਾ ਰਹੀ ਹੈ, ਜਿਸ ਦੇ ਅਧਾਰ 'ਤੇ ਕਿਸ਼ਨ ਕੁਮਾਰ ਅਤੇ ਉਨ੍ਹਾਂ ਦੇ ਪੁੱਤਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।