ਲੁਧਿਆਣਾ: ਪੂਰੇ ਉੱਤਰ ਭਾਰਤ ਵਿੱਚ ਲਗਾਤਾਰ ਗਰਮੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਦਿਨ ਦਾ ਪਾਰਾ 30 ਡਿਗਰੀ ਤੋਂ ਪਾਰ ਚਲਾ ਗਿਆ ਹੈ ਤੇ ਰਾਤ ਦੇ ਤਾਪਮਾਨ ਵਿੱਚ ਵੀ ਇਜ਼ਾਫਾ ਦਰਜ ਕੀਤਾ ਗਿਆ ਜਿਸ ਕਰਕੇ ਮੌਸਮ ਵਿੱਚ ਆਮ ਨਾਲੋਂ ਗਰਮਾਹਟ ਜ਼ਿਆਦਾ ਮਹਿਸੂਸ ਹੋ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਰਾਤ ਦਾ ਤਾਪਮਾਨ ਮੌਸਮ ਆਬਜ਼ਰਵੇਟਰੀ ਮੁਤਾਬਕ ਰਾਤ ਦਾ ਪਾਰਾ ਲਗਪਗ 22.5 ਡਿਗਰੀ ਦੇ ਕਰੀਬ ਨਾਪਿਆ, ਜੋ ਕਿ ਬੀਤੇ 50 ਸਾਲਾਂ ਦੇ ਵਿੱਚ ਕਦੇ ਵੀ ਇਨ੍ਹਾਂ ਮਾਰਚ ਮਹੀਨੇ 'ਚ ਨਹੀਂ ਵਧਿਆ।
ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਪੂਰੇ ਉੱਤਰ ਭਾਰਤ ਵਿੱਚ ਲਗਾਤਾਰ ਗਰਮੀ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਂਦੇ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਆਉਂਦੇ ਮਹੀਨੇ ਦੇ ਵਿੱਚ ਵੀ ਹਵਾਵਾਂ ਚੱਲਣ ਦੀ ਉਮੀਦ ਹੈ ਅਤੇ ਇਸ ਨਾਲ ਪਾਰਾ ਹੋਰ ਵਧੇਗਾ।