ਲੁਧਿਆਣਾ: ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਅੱਜ ਤੋਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। 3 ਫਰਵਰੀ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਜਦਕਿ 4 ਫਰਵਰੀ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 5 ਫਰਵਰੀ ਨੂੰ ਨਾਮਜ਼ਦਗੀ ਵਾਪਸ ਲੈਣ ਦੀ ਅੰਤਿਮ ਮਿਤੀ ਹੋਵੇਗੀ। ਜੇਕਰ ਗੱਲ ਲੁਧਿਆਣਾ ਦੇ ਜਗਰਾਂਓ ਹਲਕੇ ਦੀ ਕੀਤੀ ਜਾਵੇ ਤਾਂ ਇਥੇ 23 ਵਾਰਡਾਂ ਦੀਆਂ ਚੋਣਾਂ ਹੋਣੀਆਂ ਹਨ ਜਿਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਗਈਆਂ ਹਨ।
ਐਸਡੀਐਮ ਕਮ-ਅਧਿਕਾਰੀ ਨਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ 57 ਬੂਥ ਜਗਰਾਂਓ ਦੇ 23 ਵਾਰਡਾਂ ਲਈ ਬਣਾਏ ਗਏ ਹਨ ਅਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ 14 ਤਰੀਕ ਨੂੰ ਸਵੇਰੇ 8.00 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਿੰਗ ਹੋਣੀ ਹੈ। ਉਨ੍ਹਾਂ ਦੱਸਿਆ ਕਿ ਈ.ਵੀ.ਐਮ ਰਾਹੀਂ ਇਹ ਸਾਰੀ ਵੋਟਿੰਗ ਹੋਵੇਗੀ ਅਤੇ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਜਗਰਾਂਓ ਦੇ ਡੀਏਵੀ ਸਕੂਲ ਵਿੱਚ ਸਟਰਾਂਗ ਰੂਮ ਬਣਾਇਆ ਜਾਵੇਗਾ ਅਤੇ ਇਥੇ ਹੀ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਹੋਵੇਗੀ। ਉਨ੍ਹਾਂ ਦੱਸਿਆ ਕਿ ਅੱਜ ਫਿਲਹਾਲ ਕੋਈ ਵੀ ਨਾਮਜ਼ਦਗੀ ਦਾਖਲ ਨਹੀਂ ਕੀਤੀ ਗਈ ਹੈ, ਨਾਲ ਇਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ।