ਲੁਧਿਆਣਾ: ਮਾਣਯੋਗ ਸੁਪਰੀਮ ਕੋਰਟ ਵੱਲੋਂ ਅਯੁੱਧਿਆ ਮਾਮਲੇ ਦੇ ਕੀਤੇ ਗਏ ਫ਼ੈਸਲੇ ਨੂੰ ਹੁਣ ਆਲ ਇੰਡੀਆ ਮੁਸਲਿਮ ਲਾਅ ਬੋਰਡ ਅਤੇ ਹੋਰ ਕਈ ਜਮਾਤਾਂ ਮੁੜ ਨਜ਼ਰਸਾਨੀ ਪਟੀਸ਼ਨ ਪਾਉਣ ਜਾ ਰਹੀਆਂ ਹਨ। ਉਧਰ ਫੈਸਲੇ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਇਤਿਹਾਸ ਨੂੰ ਜੋੜੇ ਜਾਣ ਨੂੰ ਲੈ ਕੇ ਵੀ ਸਿੱਖ ਵਿਦਵਾਨਾਂ ਨੇ ਇਸ ਦਾ ਇਤਰਾਜ਼ ਜ਼ਾਹਿਰ ਕੀਤਾ ਹੈ।
ਲੁਧਿਆਣਾ ਦੇ ਨੈਬ ਸ਼ਾਹੀ ਇਮਾਮ ਨੇ ਵੀ ਦਾਅਵਾ ਕੀਤਾ ਕਿ ਇਸ ਮਾਮਲੇ ਦੇ ਵਿੱਚ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਸੁਪਰੀਮ ਕੋਰਟ ਆਪਣੇ ਫੈਸਲੇ 'ਤੇ ਕਈ ਵਾਰ ਰਿਵਿਊ ਕਰ ਚੁੱਕਾ ਹੈ ਅਤੇ ਆਪਣਾ ਫੈਸਲਾ ਕਈ ਵਾਰ ਬਦਲ ਵੀ ਚੁੱਕਾ ਹੈ ਜੋ ਕਿ ਭਾਰਤ ਵਰਗੇ ਸਭ ਤੋਂ ਵੱਡੇ ਲੋਕਤੰਤਰ ਇਸ ਦੇ ਸੰਵਿਧਾਨ 'ਚ ਦਰਜ ਹੈ।
ਉਨ੍ਹਾਂ ਕਿਹਾ ਕਿ ਨਜ਼ਰਸਾਨੀ ਪਟੀਸ਼ਨ ਪਾਈ ਜਾ ਸਕਦੀ ਹੈ ਕਿਉਂਕਿ ਫੈਸਲੇ ਦੇ ਵਿੱਚ ਜੋ ਤਰਕ ਰੱਖੇ ਗਏ ਹਨ ਉਨ੍ਹਾਂ ਨੂੰ ਲੈ ਕੇ ਆਪਸੀ ਸਹਿਮਤੀ ਨਹੀਂ ਬਣ ਪਾ ਰਹੀ। ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਅਯੁੱਧਿਆ ਜਾ ਕੇ ਪੂਜਾ ਕਰਨ ਜਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੰਘਾਂ ਦੀ ਫੌਜ ਭੇਜਣ 'ਤੇ ਵੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਖੁਦ ਇਤਿਹਾਸ ਚੰਗੀ ਤਰ੍ਹਾਂ ਜਾਣਦੇ ਹਨ ਇਤਿਹਾਸ ਦੀਆਂ ਦੋ ਕਿਤਾਬਾਂ ਵੀ ਲਿਖ ਚੁੱਕੇ ਹਨ ਪਰ ਅਜਿਹਾ ਸਿੱਖ ਇਤਿਹਾਸ ਜਾਂ ਮੁਸਲਿਮ ਇਤਿਹਾਸ ਵਿੱਚ ਕਿਤੇ ਵੀ ਕੋਈ ਵੀ ਜ਼ਿਕਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਜਦੋਂ ਇਨਸਾਫ਼ ਦੀ ਗੱਲ ਆਉਂਦੀ ਹੈ ਤਾਂ ਧਰਮ ਤੋਂ ਉੱਤੇ ਉੱਠ ਕੇ ਇਸ ਦੇ ਫੈਸਲੇ ਹੋਣੇ ਚਾਹੀਦੇ ਹਨ।
ਇਹ ਵੀ ਪੜੋ: ਜਸਟਿਸ ਸ਼ਰਦ ਅਰਵਿੰਦ ਬੌਬੜੇ ਨੇ ਭਾਰਤ ਦੇ 47ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ
ਸੋ ਇਕ ਪਾਸੇ ਜਿੱਥੇ ਸਿੱਖ ਇਤਿਹਾਸ ਨੂੰ ਅਯੋਧਿਆ ਫੈਸਲੇ ਦੇ ਵਿੱਚ ਸ਼ਾਮਿਲ ਕਰਨ ਨੂੰ ਲੈ ਕੇ ਸਿੱਖ ਵਿਦਵਾਨਾਂ ਨੇ ਇਸ ਦਾ ਵਿਰੋਧ ਜਤਾਇਆ ਉਥੇ ਹੀ ਨਾਇਬ ਸ਼ਾਹੀ ਇਮਾਮ ਨੇ ਵੀ ਇਸ ਦਾ ਪੁਰਜ਼ੋਰ ਖੰਡਨ ਕੀਤਾ