ਲੁਧਿਆਣਾ: ਸਾਡੇ ਦੇਸ਼ ਦੇ ਵਿਦਿਆਰਥੀ ਸਾਇੰਸ ਦੀ ਯੁੱਗ ਦੇ ਵਿੱਚ ਲਗਾਤਾਰ ਅੱਗੇ ਵਧ ਰਹੇ ਹਨ ਅਤੇ ਆਪਣੇ ਨਵੀ ਕਾਢ ਕਰਕੇ ਅਕਸਰ ਹੀ ਚਰਚਾ ਵਿੱਚ ਰਹਿੰਦੇ ਹਨ। ਲੁਧਿਆਣਾ ਦੇ ਸਿਟੀ ਯੂਨੀਵਰਸਿਟੀ ਵਿੱਚ ਵੀ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਵੱਲੋਂ ਇੱਕ ਅਜਿਹੀ ਰੋਬੋਟਿਕ ਆਰਮ ਤਿਆਰ ਕੀਤੀ ਗਈ ਹੈ, ਜੋ ਕਿ 360 ਡਿਗਰੀ ਤੱਕ ਘੁੰਮ ਸਕਦੀ ਹੈ ਅਤੇ ਕਿਸੇ ਵੀ ਵਸਤੂ ਨੂੰ ਅਸਾਨੀ ਨਾਲ ਚੁੱਕ ਕੇ ਦੂਜੀ ਥਾਂ ਲੈ ਜਾ ਕੇ ਰੱਖ ਸਕਦੀ ਹੈ। ਇਸ ਨੂੰ ਆਧੁਨਿਕ ਸਾਫਟਵੇਅਰ ਦੇ ਨਾਲ ਅਟੈਚ ਕਰਕੇ ਤਿਆਰ ਕੀਤਾ ਗਿਆ ਹੈ ਅਤੇ ਇਹ ਰੋਬੋਟਿਕ ਆਰਮ ਆਸਾਨੀ ਨਾਲ ਕਿਤੇ ਵੀ ਆ ਜਾ ਸਕਦੀ ਹੈ।
ਫੈਕਟਰੀਆਂ ਅਤੇ ਇੰਡਸਟਰੀ ਲਈ ਖਾਸ ਪੇਸ਼ਕਸ਼: ਇਹ ਰੋਬੋਟਿਕ ਆਰਮ ਪੌੜੀਆਂ ਤੋਂ ਉਤਰ ਸਕਦੀ ਹੈ ਜਿਸ ਥਾਂ ਉੱਤੇ ਵਿਅਕਤੀ ਨਹੀਂ ਪਹੁੰਚ ਸਕਦਾ, ਉੱਥੇ ਜਾ ਕੇ ਆਪਣਾ ਕੰਮ ਕਰ ਸਕਦੀ ਹੈ। ਇਹ ਖਾਸ ਕਰਕੇ ਫੈਕਟਰੀਆਂ ਅਤੇ ਇੰਡਸਟਰੀ ਲਈ ਤਿਆਰ ਕੀਤੀ ਗਈ ਹੈ। ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਪਰਮਵੀਰ ਸਿੰਘ ਅਤੇ ਵਾਹਿਗੁਰੂ ਪ੍ਰੀਤ ਸਿੰਘ ਵੱਲੋਂ ਤਿੰਨ ਮਹੀਨੇ ਦੀ ਕੜੀ ਮਿਹਨਤ ਤੋਂ ਬਾਅਦ ਇਸ ਨੂੰ ਪੂਰਾ ਤਿਆਰ ਕੀਤਾ ਗਿਆ ਹੈ। ਇਸ ਵਿੱਚ ਆਧੁਨਿਕ ਸਾਫਟਵੇਅਰ ਪਾਏ ਗਏ ਹਨ ਅਤੇ ਇਸ ਨੂੰ ਮੋਬਾਈਲ ਐਪ ਦੇ ਨਾਲ ਹੀ ਅਪਰੇਟ ਕੀਤਾ ਜਾ ਸਕਦਾ ਹੈ।
ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਦੀ ਮਿਹਨਤ: ਕੰਪਿਊਟਰ ਯੁੱਗ ਵਿਚ ਅਜਿਹੇ ਰੋਬੋਟ ਅੱਜਕਲ ਦੀ ਨਵੀਂ ਕਾਢ ਹਨ ਅਤੇ ਇਹ ਕਾਫ਼ੀ ਕਾਮਯਾਬ ਵੀ ਹੋ ਰਹੇ ਹਨ। ਵਿਦਿਆਰਥੀਆਂ ਨੇ ਇਸ ਨੂੰ ਪੂਰੀ ਤਰ੍ਹਾਂ ਖੁੱਦ ਹੀ ਤਿਆਰ ਕੀਤਾ ਹੈ। ਇਸ ਵਿਚ ਕੋਈ ਵੀ ਪੁਰਜਾ ਉਨ੍ਹਾਂ ਨੇ ਬਾਹਰੋਂ ਨਹੀਂ ਮੰਗਵਾਇਆ ਹੈ। ਯੂਨੀਵਰਸਿਟੀ ਦੀ ਕੰਪਿਊਟਰ ਲੈਬ ਵਿੱਚ ਪਏ 3ਡੀ ਪ੍ਰਿੰਟਰ ਦੀ ਮਦਦ ਨਾਲ ਇਸ ਦਾ ਮਾਡਲ ਵੀ ਵਿਦਿਆਰਥੀਆਂ ਨੇ ਖੁਦ ਹੀ ਤਿਆਰ ਕੀਤਾ ਹੈ।
ਰੋਬੋਟਿਕ ਆਰਮ ਦੀ ਖਾਸੀਅਤ: ਸਾਡੀ ਟੀਮ ਨਾਲ ਇਸ ਡੈਮੋ ਸਾਂਝਾ ਕਰਦਿਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਨੂੰ ਮੋਬਾਈਲ ਨਾਲ ਆਪਰੇਟ ਕਰਕੇ ਵਿਖਾਇਆ ਕਿ ਕਿਵੇਂ ਇਹ ਰੋਬੋਟਿਕ ਆਰਮ ਇੱਕ ਥਾਂ ਤੋਂ ਦੂਜੀ ਥਾਂ ਤੱਕ ਆਸਾਨੀ ਨਾਲ ਕਿਸੇ ਵੀ ਸਮਾਨ ਨੂੰ ਲੈ ਜਾ ਸਕਦਾ ਹੈ। ਫਿਰ ਉਹ ਵਾਪਸ ਵੀ ਆ ਸਕਦਾ ਹੈ। ਇਹ ਰੋਬੋਟ ਪੂਰੀ ਤਰ੍ਹਾਂ ਘੁੰਮ ਵੀ ਸਕਦਾ ਹੈ ਅਤੇ ਇਸ ਦੇ ਟਾਇਰ ਵੀ ਇਸ ਤਰ੍ਹਾਂ ਦੇ ਬਣਾਏ ਗਏ ਹਨ ਕਿ ਇਹ ਸੱਜੇ ਤੋਂ ਖੱਬੇ ਅਤੇ ਅੱਗੇ ਤੋਂ ਪਿੱਛੇ ਆਸਾਨੀ ਨਾਲ ਹੀ ਮੂਵ ਹੋ ਸਕਦਾ ਹੈ। ਇਸ ਕਰਕੇ ਇਹ ਅਜਿਹੀ ਥਾਂ ਉੱਤੇ ਵੀ ਪਹੁੰਚ ਸਕਦਾ ਹੈ, ਜਿੱਥੇ ਅਕਸਰ ਹੀ ਇਨਸਾਨ ਨਹੀਂ ਪਹੁੰਚ ਸਕਦਾ।
ਵਿਦਿਆਰਥੀ ਪਰਮਵੀਰ ਸਿੰਘ ਅਤੇ ਵਾਹਿਗੁਰੂ ਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਨੂੰ ਹੋਰ ਆਧੁਨਿਕ ਤਕਨੀਕ ਦੇ ਨਾਲ ਜੋੜ ਕੇ ਇਸ ਦੀ ਕਾਰਜ ਸ਼ਕਤੀ ਵਧਾ ਕੇ ਖੁਦ ਕੰਮ ਕਰਨ ਲਈ ਵੀ ਬਣਾਇਆ ਜਾ ਸਕਦਾ ਹੈ। ਇਸ ਦੀ ਵਰਤੋਂ ਇੰਡਸਟਰੀ ਵਿੱਚ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਫਿਲਹਾਲ ਇਹ ਮੁੱਢਲੀ ਸਟੇਜ ਉੱਤੇ ਹੈ। ਇਸ ਵਿੱਚ ਹੋਰ ਵੀ ਕਈ ਸੁਧਾਰ ਕੀਤੇ ਜਾ ਸਕਦੇ ਹਨ, ਜਿਸ ਉੱਤੇ ਉਹ ਲਗਾਤਾਰ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: GM's Automatic car: ਬੱਸ ਨਾਲ ਟਕਰਾਈ ਬਿਨਾਂ ਡਰਾਇਵਰ ਤੋਂ ਚੱਲਣ ਵਾਲੀ ਕਾਰ, ਹੁਣ ਕੰਪਨੀ ਕਰੇਗੀ 300 ਗੱਡੀਆਂ ਵਿੱਚ ਸੋਧ