ਲੁਧਿਆਣਾ: ਐਸਟੀਐਫ ਰੇਂਜ ਵਲੋਂ ਫੜੇ ਗਏ ਨਸ਼ਾ ਤਸਕਰ ਗੁਰਦੀਪ ਸਿੰਘ ਰਾਣੋ ਦੇ ਅਕਾਲੀ ਦਲ ਦੇ ਆਗੂਆਂ ਨਾਲ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਮੁਲਜ਼ਮ ਗੁਰਦੀਪ ਸਿੰਘ ਰਾਣੋ ਕਾਂਗਰਸ ਤੋਂ ਅਕਾਲੀ ਦਲ 'ਚ ਸ਼ਾਮਿਲ ਹੋਇਆ ਸੀ ਪਰ ਉਸ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਗੁਰਦੀਪ ਅਕਾਲੀ ਦਲ ਦੀ ਸਰਕਾਰ ਵੇਲੇ ਸਰਪੰਚ ਸੀ ਅਤੇ ਜਦੋਂ ਉਹ ਅਕਾਲੀ ਦਲ 'ਚ ਸ਼ਾਮਿਲ ਹੋਇਆ ਸੀ ਤਾਂ ਸਾਰੇ ਵੱਡੇ ਸਿਆਸੀ ਲੀਡਰਾਂ ਨੂੰ ਮਿਲਿਆ ਸੀ ਅਤੇ ਉਨ੍ਹਾਂ ਨਾਲ ਤਸਵੀਰਾਂ ਖਿਚਾਈਆਂ ਸਨ ਪਰ ਇਸ ਬਾਰੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸਨ ਕਿ ਇਸ ਦੇ ਖਰਚੇ ਇਸ ਦੀ ਆਮਦਨ ਨਾਲੋਂ ਵੱਧ ਹਨ। ਉਨ੍ਹਾਂ ਕਿਹਾ ਕਿ ਉਸ ਦੇ ਪਿੰਡ ਦੇ ਲੋਕਾਂ ਨੂੰ ਇਹ ਹੀ ਲੱਗਦਾ ਸੀ ਕਿ ਸ਼ਰਾਬ ਦਾ ਠੇਕੇਦਾਰ ਹੈ ਪਰ ਐਸਟੀਐਫ ਨੇ ਖੁਲਾਸਾ ਕੀਤਾ ਹੈ।
ਗਰੇਵਾਲ ਨੇ ਕਿਹਾ ਕਿ ਨਸ਼ਾ ਤਸਕਰ ਅਕਸਰ ਹੀ ਆਪਣੇ ਆਪ ਨੂੰ ਸ਼ੇਲਟਰ ਕਰਨ ਲਈ ਸਿਆਸੀ ਸ਼ਹਿ ਲੈਣ ਦੀ ਕੋਸ਼ਿਸ਼ ਕਰਦੇ ਹਨ, ਵੱਡੇ-ਵੱਡੇ ਲੀਡਰਾਂ ਨਾਲ ਫੋਟੋ ਖਿਚਵਾਉਂਦੇ ਹਨ ਤਾਂ ਜੋ ਪੁਲਿਸ ਨਾਲ ਉਹ ਸਮਝੌਤੇ ਕਰ ਸਕਣ ਪਰ ਅਜਿਹਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਦੀ ਤਹਿ ਤੱਕ ਜਾਂਚ ਕਰਨੀ ਚਾਹੀਦੀ ਹੈ, ਮੁਲਜ਼ਮ ਨੂੰ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।