ਲੁਧਿਆਣਾ: ਪੰਜਾਬ ਵਿੱਚ ਪਸ਼ੂਆਂ ਦੇ ਅੰਦਰ ਲੰਪੀ ਸਕਿਨ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਪਸ਼ੂ ਪਾਲਕ ਘਬਰਾਏ ਹੋਏ ਹਨ। ਇਸ ਬੀਮਾਰੀ ਨਾਲ ਜਾਨਵਰਾਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ ਪਰ ਉਥੇ ਹੀ ਲੁਧਿਆਣਾ ਦੇ ਤਾਜਪਰ ਰੋਡ ਡੇਅਰੀ ਕੰਪਲੈਕਸ 'ਚ ਜਾਨਵਰਾਂ ਦੇ ਹਸਪਤਾਲ ਦੇ ਹਾਲਾਤ ਖਸਤਾ ਬਣੇ ਹੋਏ ਹਨ।
ਹਸਪਤਾਲ 'ਚ ਪਾਣੀ ਭਰਿਆ ਹੋਇਆ ਹੈ ਅਤੇ ਜਾਨਵਰਾਂ ਨੂੰ ਠੀਕ ਕਰਨ ਵਾਲਾ ਹਸਪਤਾਲ ਆਪ ਖੁਦ ਹੀ ਬੀਮਾਰ ਹੈ। ਜਦੋਂ ਕੇ ਸਰਕਾਰਾਂ ਵਲੋ ਹਸਪਤਾਲਾਂ ਵਿੱਚ ਸੁਧਾਰ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਇਹ ਦਾਅਵੇ ਸਭ ਉਦੋਂ ਖੋਖਲੇ ਨਜ਼ਰ ਆਉਂਦੇ ਹਨ ਜਦ ਹਸਪਤਾਲ ਦੇ ਆਲੇ ਦੁਆਲੇ ਗੰਦਗੀ ਅਤੇ ਚਿਕੜ ਵਿੱਚ ਡਾਕਟਰ ਇਲਾਜ਼ ਕਰਦੇ ਹਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਇਲਾਕੇ ਵਿੱਚ ਰਹਿਣ ਵਾਲੇ ਸਮਾਜ ਸੇਵੀ ਸ਼ਿਵਮ ਨੇ ਦੱਸਿਆ ਕਿ ਸਰਕਾਰੀ ਪਸ਼ੂਆਂ ਦੀ ਡਿਸਪੈਂਸਰੀ ਜੋਕਿ ਲੁਧਿਆਣਾ ਦੇ ਤਾਜਪੁਰ ਰੋਡ ਡੇਅਰੀ ਕੰਪਲੈਕਸ ਵਿੱਚ ਬਣੀ ਹੈ, ਉਹ ਖੁਦ ਬਿਮਾਰੀ ਦੀ ਹਾਲਤ ਵਿੱਚ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ 'ਚ ਗੰਦਾ ਪਾਣੀ ਖੜ੍ਹਾ ਹੈ, ਜੋ ਮੱਖੀ, ਮੱਛਰ ਨੂੰ ਸਦਾ ਦੇ ਰਿਹਾ ਹੈ ਅਤੇ ਇਹ ਬਿਮਾਰੀ ਜੋ ਪਸ਼ੂਆਂ ਵਿੱਚ ਫੈਲੀ ਹੋਈ ਹੈ। ਉਸ ਬੀਮਾਰੀ ਦੇ ਵਧਣ ਵਿੱਚ ਮੱਖੀ, ਮੱਛਰ ਅੱਗ ਵਿੱਚ ਘਿਓ ਪਾਉਣ ਦਾ ਕੰਮ ਕਰਦੇ ਹਨ।
ਸ਼ਿਵਮ ਨੇ ਆਖਿਆ ਕਿ ਉੱਚ ਅਧਿਕਾਰੀਆਂ ਨੂੰ ਚਾਹੀਦਾ ਕਿ ਗਰਾਊਂਡ ਜ਼ੀਰੋ 'ਤੇ ਆਕੇ ਚੈਕਿੰਗ ਕਰਨੀ ਚਾਹੀਦੀ ਹੈ ਤਾਂ ਜੋ ਹਰ ਮੁਸ਼ਕਿਲਾਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਇਕ ਡਾਕਟਰ ਹੈ, ਉਹ ਵੀ ਛੁੱਟੀ 'ਤੇ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਹਸਪਤਾਲ ਵਿੱਚ ਡਾਕਟਰ ਅਤੇ ਸਟਾਫ਼ ਦੀ ਲੋੜ ਹੈ।
ਜਦੋਂ ਇਸ ਸਬੰਧੀ ਹਸਪਤਾਲ ਦੇ ਅੰਦਰ ਡਾਕਟਰ ਨਾਲ ਗੱਲ ਕਰਨੀ ਚਾਹੀ ਤਾਂ ਦੇਖਿਆ ਡਾਕਟਰ ਸਾਹਿਬ ਦੀ ਕੁਰਸੀ ਖਾਲੀ ਪਈ ਹੈ। ਇਸ ਸਬੰਧੀ ਪੁੱਛਣ 'ਤੇ ਪਤਾ ਚੱਲਿਆ ਕਿ ਡਾਕਟਰ ਸਾਹਿਬ ਛੁੱਟੀ 'ਤੇ ਹਨ। ਇਕ ਸਹਾਇਕ ਕਰਮਚਾਰੀ ਬੈਠਾ ਸੀ ਜਦੋਂ ਮੌਕੇ ਦੀ ਵੀਡੀਓ ਬਣਾਈ ਗਈ ਤਾਂ ਥੋੜੀ ਦੇਰ ਵਿੱਚ ਨਾਲ ਲੱਗਦੀ ਡਿਸਪੈਂਸਰੀ ਤੋਂ ਡਾਕਟਰ ਸਾਹਿਬ ਮੌਕੇ 'ਤੇ ਪੁੱਜ ਗਏ।
ਜਦੋਂ ਡਾਕਟਰ ਰਾਜੀਵ ਕੌੜਾ ਨਾਲ ਪਸ਼ੂਆਂ ਦੀ ਫੈਲ ਰਹੀ ਬੀਮਾਰੀ ਬਾਰੇ ਜਾਣਕਾਰੀ ਲਈ ਤਾਂ ਡਾਕਟਰ ਰਾਜੀਵ ਨੇ ਦੱਸਿਆ ਕਿ ਇਹ ਬੀਮਾਰੀ ਕੁਝ ਦਿਨਾਂ ਤੋਂ ਗਾਵਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇਹ ਬੀਮਾਰੀ ਚਿੱਚੜ, ਮੱਖੀ, ਮੱਛਰ, ਹਵਾ ਤੋਂ ਫੈਲ ਰਹੀ ਹੈ, ਇਸ ਵਿਚ ਸੰਭਾਲ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੋਰੋਨਾ ਦੇ ਲਛੱਣ ਹੁੰਦੇ ਹਨ, ਉਸੀ ਤਰ੍ਹਾਂ ਬੀਮਾਰੀ ਫੈਲਦੀ ਹੈ। ਇਹ ਬੀਮਾਰੀ ਗਾਵਾਂ ਵਿੱਚ ਹਵਾ ਰਾਹੀਂ ਫੈਲਦੀ ਹੈ। ਉਨ੍ਹਾਂ ਕਿਹਾ ਕਿ ਇਹ ਬੀਮਾਰੀ ਕੁਝ ਦਿਨਾਂ ਬਾਅਦ ਅਪਣੇ ਆਪ ਠੀਕ ਹੋ ਜਾਂਦੀ ਹੈ।
ਇਸ ਦੇ ਨਾਲ ਹੀ ਡਾਕਟਰ ਦਾ ਕਹਿਣਾ ਕਿ ਜੇਕਰ ਗਾਂ ਅਤੇ ਮੱਝ ਦੇ ਦੁੱਧ ਪੀਣ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਦੁੱਧ ਪੀਣ ਲਾਇਕ ਹੈ ਕੋਈ ਨੁਕਸਾਨ ਨਹੀਂ ਕਰਦਾ। ਸਿਹਤ ਵਿਭਾਗ ਵਲੋਂ ਹਸਪਤਾਲ ਵਿੱਚ ਦਵਾਈਆਂ ਮੌਜੂਦ ਹਨ। ਜਦੋਂ ਕਿ ਹਸਪਤਾਲ ਦੇ ਹਾਲਾਤਾਂ ਬਾਰੇ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਤਾਂ ਉੱਚ ਅਧਿਕਾਰੀ ਹੀ ਦੱਸਣਗੇ।
ਇਹ ਵੀ ਪੜ੍ਹੋ: ਡਰੱਗ ਮਾਮਲੇ ’ਚ ਬਿਕਰਮ ਮਜੀਠੀਆ ਨੂੰ ਮਿਲੀ ਜ਼ਮਾਨਤ