ਲੁਧਿਆਣਾ : ਖੰਨਾ 'ਚ ਜਾਇਦਾਦ ਦੇ ਝਗੜੇ ਕਾਰਨ ਬੇਟੇ ਨੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਬਜ਼ੁਰਗ ਮਾਂ ਦੇ ਪੇਟ ਵਿੱਚ ਇੱਕ ਤੋਂ ਬਾਅਦ ਇੱਕ ਚਾਕੂ ਨਾਲ ਕਈ ਵਾਰ ਕੀਤੇ ਗਏ ਜਿਸ ਕਾਰਨ ਬਜ਼ੁਰਗ ਮਾਂ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਈ। ਇੰਨਾ ਹੀ ਨਹੀਂ ਕਾਤਲ ਨੇ ਆਪਣੇ ਭਰਾ 'ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਬਲਜੀਤ ਕੌਰ ਵਜੋਂ ਹੋਈ ਜਿਸ ਦੀ ਉਮਰ ਕਰੀਬ 77 ਸਾਲ ਸੀ।
ਮਾਂ ਦੇ ਪੇਟ 'ਚ ਚਾਕੂ ਨਾਲ ਕਈ ਵਾਰ: ਬਲਜੀਤ ਕੌਰ ਦੇ ਪੁੱਤਰ ਜੰਗ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਆਪਣੇ ਹੀ ਪਿੰਡ ਵਿੱਚ ਕੀਰਤ ਵੈਸ਼ਨੋ ਢਾਬੇ ਦੇ ਨਾਂ ’ਤੇ ਕੰਮ ਕਰ ਰਿਹਾ ਹੈ। ਉਹ ਆਪਣੀ ਮਾਂ ਨਾਲ ਢਾਬੇ 'ਤੇ ਮੌਜੂਦ ਸੀ ਅਤੇ ਇਸੇ ਦੌਰਾਨ ਉਸ ਦਾ ਭਰਾ ਪਰਮਿੰਦਰ ਸਿੰਘ ਆ ਗਿਆ ਜਿਸ ਨੇ ਆ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪਰਮਿੰਦਰ ਨੇ ਢਾਬੇ ਦੀ ਬਿਜਲੀ ਬੰਦ ਕਰ ਦਿੱਤੀ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ, ਤਾਂ ਪਰਮਿੰਦਰ ਨੇ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਉਸ ਦੀ ਮਾਂ ਨੇ ਬਚਾਅ ਕਰਨ (Property Dispute case) ਦੀ ਕੋਸ਼ਿਸ਼ ਕੀਤੀ, ਤਾਂ ਗੁੱਸੇ 'ਚ ਆਏ ਪਰਮਿੰਦਰ ਸਿੰਘ ਨੇ ਮਾਂ ਦੇ ਪੇਟ 'ਚ ਚਾਕੂ ਨਾਲ ਕਈ ਹਮਲੇ ਕਰਕੇ ਜ਼ਖਮੀ ਕਰ ਦਿੱਤਾ।
ਭਰਾ ਸ਼ਰਾਬ ਪੀ ਕੇ ਅਕਸਰ ਕਰਦਾ ਹੈ ਝਗੜਾ : ਜਦੋਂ ਜੰਗ ਸਿੰਘ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ 'ਤੇ ਵੀ ਕਈ ਵਾਰ ਹਮਲਾ ਕੀਤਾ ਗਿਆ। ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਜਖ਼ਮੀ ਮਾਂ ਅਤੇ ਜੰਗ ਸਿੰਘ ਨੂੰ ਸਰਕਾਰੀ ਹਸਪਤਾਲ ਖੰਨਾ ਦਾਖ਼ਲ ਕਰਾਇਆ ਗਿਆ। ਬਲਜੀਤ ਕੌਰ ਦੀ ਹਾਲਤ ਨਾਜ਼ੁਕ ਸੀ ਜਿਸ ਕਰਕੇ ਚੰਡੀਗੜ੍ਹ ਰੈਫਰ ਕੀਤਾ ਗਿਆ। ਉੱਥੇ ਬਲਜੀਤ ਕੌਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾ ਦੇ ਬੇਟੇ ਜੰਗ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਪਰਮਿੰਦਰ ਸਿੰਘ ਪਹਿਲਾਂ ਵੀ ਕਈ ਵਾਰ ਲੜਾਈ ਝਗੜੇ ਕਰ ਚੁੱਕਾ ਹੈ ਜਿਸ ਸੰਬੰਧੀ ਸ਼ਿਕਾਇਤ ਪੁਲਿਸ ਕੋਲ ਕੀਤੀ ਹੋਈ ਸੀ। ਜੰਗ ਸਿੰਘ ਨੇ ਕਿਹਾ ਕਿ ਪਹਿਲਾਂ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀ ਕੀਤੀ ਗਈ, ਉਲਟਾ ਸਾਡੇ ਉੱਤੇ ਹੀ ਹੋਰ ਮਾਮਲਾ ਦਰਜ ਕਰਵਾ ਦਿੱਤਾ ਗਿਆ ਸੀ।
ਜਾਇਦਾਦ ਕਰਕੇ ਰਹਿੰਦਾ ਸੀ ਝਗੜਾ: ਡੀਐਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਹਮਲੇ ਵਿੱਚ ਜ਼ਖ਼ਮੀ ਹੋਏ ਜੰਗ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਰਮਿੰਦਰ ਸਿੰਘ ਖ਼ਿਲਾਫ਼ ਕਤਲ ਦੇ ਇਲਜ਼ਾਮ ਹੇਠ ਕੇਸ ਦਰਜ ਕਰ ਲਿਆ ਹੈ। ਕਤਲ ਅਤੇ ਇਰਾਦਾ ਕਤਲ ਦੀਆਂ ਦੋਵੇਂ ਧਾਰਾਵਾਂ ਲਗਾਈਆਂ ਗਈਆਂ ਹਨ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਪੁਲਿਸ ਨੇ ਝਗੜਾ ਰੋਕੂ ਕਾਰਵਾਈ ਵੀ ਕੀਤੀ ਸੀ। ਪਰ, ਪਰਮਿੰਦਰ ਨਹੀਂ ਸੁਧਰਿਆ ਅਤੇ ਜਾਇਦਾਦ ਦੇ ਝਗੜੇ ਵਿੱਚ ਪਰਮਿੰਦਰ ਸਿੰਘ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ।