ਲੁਧਿਆਣਾ: ਸਰਦੀਆਂ ਆਉਂਦੇ ਹੀ ਪਸ਼ੂਆਂ ਦੇ ਦੁੱਧ ਵਿੱਚ ਭਾਰੀ ਕਮੀ ਵੇਖਣ ਨੂੰ ਮਿਲਦੀ ਹੈ। 30 ਫੀਸਦੀ ਤੱਕ ਸਰਦੀਆਂ ਅੰਦਰ ਦੁਧਾਰੂ ਪਸ਼ੂਆਂ ਦਾ ਦੁੱਧ ਘਟ ਜਾਂਦਾ ਹੈ, ਭਾਵੇਂ ਉਹ ਕੋਈ ਵੀ ਨਸਲ ਹੋਵੇ। ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਨਾ ਪੈਂਦਾ ਹੈ, ਪਰ ਹੁਣ ਪਰਾਲੀ ਦੀ ਵਰਤੋਂ ਕਰਕੇ ਇਸ ਸਮੱਸਿਆ ਦੇ ਨਾਲ ਨਜਿੱਠਿਆ ਜਾ ਸਕਦਾ ਹੈ। ਪਰਾਲੀ ਦੀ 30 ਸੈਂਟੀਮੀਟਰ ਤੱਕ ਦੀ ਲੇਅਰ ਪਸ਼ੂਆਂ ਹੇਠਾਂ ਵਿਛਾਉਣ ਨਾਲ ਉਨ੍ਹਾਂ ਨੂੰ ਠੰਢ ਨਹੀਂ ਲੱਗਦੀ ਅਤੇ ਨਾਲ ਹੀ ਉਨ੍ਹਾਂ ਦਾ ਦੁੱਧ ਵੀ ਨਹੀਂ ਘੱਟਦਾ।
ਪਰਾਲੀ ਨਾਲ ਪਸ਼ੂਆਂ 'ਚ ਦੁੱਧ ਘੱਟਣ ਦੀ ਸਮੱਸਿਆ ਦਾ ਹੱਲ: ਖੇਤੀਬਾੜੀ ਮਾਹਿਰਾਂ ਨੇ ਇਸ ਦੀ ਹਾਮੀ ਭਰੀ ਹੈ ਅਤੇ ਇਸ ਨੂੰ ਕਿਸਾਨਾਂ ਲਈ ਕਾਫੀ ਲਾਹੇਵੰਦ ਵੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਿਰਫ ਦੁਧਾਰੂ ਪਸ਼ੂਆਂ ਲਈ ਹੀ ਨਹੀਂ ਸਗੋਂ ਪਾਲਤੂ ਜਾਨਵਰਾਂ ਹੇਠਾਂ ਵੀ ਪਰਾਲੀ ਵਿਛਾਉਣ ਨਾਲ ਉਨ੍ਹਾਂ ਨੂੰ ਠੰਢ ਤੋਂ ਕਾਫੀ ਰਾਹਤ ਮਿਲਦੀ ਹੈ। ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਹੈ ਕਿ ਹੁਣ ਪਰਾਲੀ ਦੀ ਡਿਮਾਂਡ ਵੀ ਵਧੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਦੇ ਵਿੱਚ ਵੀ ਪਰਾਲੀ ਲਗਾਤਾਰ ਸਪਲਾਈ ਕੀਤੀ ਜਾ ਰਹੀ ਹੈ। ਇਸ ਦਾ ਪ੍ਰਤੀ ਕੁਇੰਟਲ 200 ਰੁਪਏ ਦੇ ਕਰੀਬ ਇਜ਼ਾਫਾ ਵੀ ਹੋਇਆ ਹੈ।
ਪਰਾਲੀ ਪਸ਼ੂਆਂ ਦਾ ਠੰਢ ਤੋਂ ਕਰੇਗੀ ਬਚਾਅ: ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਅਮਨਜੀਤ ਸਿੰਘ ਨੇ ਦੱਸਿਆ ਹੈ ਕਿ ਸਰਦੀਆਂ ਦੇ ਵਿੱਚ ਅਕਸਰ ਹੀ ਪੰਜਾਬ ਦੇ ਅੰਦਰ ਕੜਾਕੇ ਦੀ ਠੰਡ ਪੈਣ ਕਰਕੇ ਪਸ਼ੂਆਂ ਦੇ ਦੁੱਧ ਦੇ ਵਿੱਚ 25 ਫੀਸਦੀ ਤੱਕ ਦੀ ਕਮੀ ਆ ਜਾਂਦੀ ਹੈ। ਸਰਦੀਆਂ ਦੇ ਵਿਚ ਪਸ਼ੂਆਂ ਦੀ ਸਾਂਭ ਸੰਭਾਲ ਦਾ ਵੀ ਕਿਸਾਨਾਂ ਨੂੰ ਖਾਸ ਖਿਆਲ ਰੱਖਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਅੱਜ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਕਾਫ਼ੀ ਪੁਰਾਣੀ ਸਮੱਸਿਆ ਹੈ।
ਉਨ੍ਹਾਂ ਦੱਸਿਆ ਕਿ ਪਸ਼ੂਆਂ ਨੂੰ ਠੰਢ ਤੋਂ ਬਚਾਉਣ ਲਈ ਜੇਕਰ ਉਨ੍ਹਾਂ ਦੇ ਹੇਠਾਂ ਪਰਾਲੀ ਦੀ ਤਹਿ ਵਿਛਾ ਦਿੱਤੀ ਜਾਵੇ ਤਾਂ ਉਹੋ ਠੰਢ ਤੋਂ ਵੀ ਬਚਦੇ ਹਨ ਅਤੇ ਨਾਲ ਹੀ ਉਨ੍ਹਾਂ ਦੇ ਦੁੱਧ ਘੱਟਣ ਦੀ ਸਮੱਸਿਆ ਦਾ ਵੀ ਹੱਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਰਦੀਆਂ ਵਿਚ ਅਕਸਰ ਹੀ ਪਸ਼ੂ ਆਪਣੇ ਸਰੀਰ ਦੀ ਤਾਕਤ ਠੰਡ ਤੋਂ ਬੱਚਣ ਦੇ ਲਈ ਹੀ ਲੱਗ ਜਾਂਦੀ ਹੈ ਜਿਸ ਕਰਕੇ ਉਹਨਾਂ ਦੇ ਦੁੱਧ ਤੇ ਇਸ ਦਾ ਅਸਰ ਪੈਂਦਾ ਹੈ, ਪਰ ਪਰਾਲੀ ਦੇ ਵਿਚ ਅਜਿਹੇ ਤੱਤ ਮੌਜੂਦ ਹੁੰਦਾ ਹੈ ਕਿ ਉਨ੍ਹਾਂ ਨੂੰ ਸਰਦੀ ਤੋਂ ਬਚਾਈ ਰੱਖਦੇ ਹਨ ਸਰਦੀ ਨਾ ਲੱਗਣ ਕਰਕੇ ਉਹਨਾਂ ਦਾ ਦੁੱਧ ਵੀ ਨਹੀਂ ਘੱਟਦਾ।
ਉਨ੍ਹਾਂ ਦੱਸਿਆ ਕਿ ਇਸ ਸਾਲ ਪੰਜਾਬ ਦੇ ਵਿੱਚ ਪਰਾਲੀ ਦਾ ਪ੍ਰਬੰਧਨ ਬੜੇ ਹੀ ਸੁਚੱਜੇ ਢੰਗ ਦੇ ਨਾਲ ਹੋਇਆ ਹੈ ਜਿਸ ਕਰਕੇ ਇਸ ਬਾਰੇ ਬਾਕੀ ਸੂਬਿਆਂ ਦੇ ਵਿੱਚੋਂ ਵੀ ਪਰਾਲੀ ਦੀ ਡਿਮਾਂਡ ਆਈ ਹੈ। ਉਨ੍ਹਾਂ ਦੱਸਿਆ ਕਿ ਗੱਤੇ ਬਣਾਉਣ ਵਾਲੀਆਂ ਫੈਕਟਰੀਆਂ ਦੇ ਨਾਲ ਸੀਐਨਜੀ ਆਦਿ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਵੀ ਇਸ ਵਾਰ ਪਰਾਲੀ ਦੀ ਕਾਫੀ ਡਿਮਾਂਡ ਰਹੀ ਹੈ ਜਿਸ ਕਰਕੇ ਨਾ ਸਿਰਫ ਪਰਾਲੀ ਦੀਆਂ ਕੀਮਤਾਂ ਵਧੀਆਂ ਨੇ, ਸਗੋਂ ਰਾਜਸਥਾਨ ਦੇ ਵਿੱਚ ਵੀ ਪਰਾਲੀ ਗਈ ਹੈ। ਕਿਸਾਨਾਂ ਵੱਲੋਂ ਇਸ ਵਾਰ ਪਰਾਲੀ ਨੂੰ ਚਾਰੇ ਦੇ ਤੌਰ 'ਤੇ ਵੀ ਵਰਤਿਆ ਗਿਆ ਹੈ ਜਿਸ ਕਰਕੇ ਇਸ ਦੀਆਂ ਕੀਮਤਾਂ ਵਿੱਚ ਵੀ ਕਾਫ਼ੀ ਅਸਰ ਵੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ: ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਗਈ ਦਸਤਖ਼ਤ ਮੁਹਿੰਮ