ਲੁਧਿਆਣਾ: ਅਨਲੌਕ 4.0 ਦੌਰਾਨ ਸਰਕਾਰ ਵੱਲੋਂ ਹਫ਼ਤੇ ਵਿੱਚ 6 ਦਿਨ ਤੇ ਰਾਤ ਨੂੰ 9 ਵਜੇ ਤੱਕ ਦੁਕਾਨਾਂ ਖੋਲ੍ਹਣ ਦੇ ਫੈਸਲੇ ਦਾ ਵਪਾਰੀ ਵਰਗ ਨੇ ਸਵਾਗਤ ਕੀਤਾ ਹੈ। ਇਸ ਸਬੰਧੀ ਵਪਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜ਼ਿਆਦਾ ਕੰਮ ਸ਼ਨੀਵਾਰ ਤੇ ਐਤਵਾਰ ਵਾਲੇ ਦਿਨ ਹੀ ਹੁੰਦਾ ਹੈ ਤੇ ਸਰਕਾਰ ਨੇ ਹਫ਼ਤੇ ਦੇ 6 ਦਿਨ ਦੁਕਾਨਾਂ ਖੋਲ੍ਹਣ ਦਾ ਬਹੁਤ ਵਧੀਆ ਫੈਸਲਾ ਕੀਤਾ ਹੈ।
ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਦੀ ਵੱਧ ਕਮਾਈ ਸ਼ਨੀਵਾਰ ਤੇ ਐਤਵਾਰ ਵਾਲੇ ਦਿਨ ਹੁੰਦੀ ਹੈ, ਇਸ ਦਿਨ ਕਾਫ਼ੀ ਲੋਕ ਬਜ਼ਾਰ ਕਰਨ ਲਈ ਆਉਂਦੇ ਹਨ। ਪਹਿਲਾਂ ਦੁਕਾਨਾਂ ਬੰਦ ਰਹਿੰਦੀਆਂ ਸਨ ਤਾਂ ਸਾਰੇ ਪਾਸੇ ਸੰਨਾਟਾ ਪਸਰਿਆ ਹੁੰਦਾ ਸੀ ਪਰ ਹੁਣ ਉਨ੍ਹਾਂ ਦੀ ਦੁਕਾਨਾਂ 'ਤੇ ਰੌਣਕ ਨਜ਼ਰ ਆਵੇਗੀ।
ਇੱਥੇ ਤੁਹਾਨੂੰ ਦੱਸ ਦਈਏ ਕਿ ਵੀਕਐਂਡ ਲੌਕਡਾਊਨ ਨੂੰ ਲੈ ਕੇ ਵਪਾਰੀਆਂ ਵੱਲੋਂ ਸਰਕਾਰ ਖ਼ਿਲਾਫ਼ ਲਗਾਤਾਰ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਤੇ ਉਨ੍ਹਾਂ ਵੱਲੋਂ ਹਫ਼ਤੇ ਵਿੱਚ 7 ਦਿਨ ਦੁਕਾਨਾਂ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਸਰਕਾਰ ਨੇ ਹਫ਼ਤੇ ਵਿੱਚ 6 ਦਿਨ ਦੁਕਾਨਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਦਾ ਵੀ ਵਪਾਰੀ ਵਰਗ ਨੇ ਸਵਾਗਤ ਕੀਤਾ ਹੈ।
ਵਪਾਰੀ ਵਰਗ ਦਾ ਕਹਿਣਾ ਹੈ ਕਿ ਹੁਣ ਬਾਜ਼ਾਰ 9 ਵਜੇ ਤੱਕ ਖੁੱਲ੍ਹਣਗੇ ਜਿਸ ਨਾਲ ਕਾਫ਼ੀ ਜ਼ਿਆਦਾ ਰਾਹਤ ਮਿਲੀ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਐਤਵਾਰ ਦਾ ਲੌਕਡਾਊਨ ਵੀ ਖ਼ਤਮ ਕਰ ਦਿਤਾ ਜਾਵੇ ਤਾਂ ਜੋ ਵਪਾਰ ਮੁੜ ਪਟੜੀ 'ਤੇ ਆ ਸਕੇ। ਉਨਾਂ ਇਹ ਵੀ ਕਿਹਾ ਕਿ ਉਹ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨਗੇ। ਹੁਣ ਕੀ ਸਰਕਾਰ ਵਪਾਰੀਆਂ ਦੀ ਐਤਵਾਰ ਨੂੰ ਬਜ਼ਾਰ ਖੋਲ੍ਹਣ ਦੀ ਮੰਗ ਨੂੰ ਮੰਨਦੇ ਹਨ ਜਾਂ ਨਹੀਂ।