ਲੁਧਿਆਣਾ : 15 ਅਗਸਤ ਭਾਰਤ ਦੇ ਆਜ਼ਾਦੀ ਦਿਹਾੜਾ ਵਜੋਂ ਮਨਾਇਆ ਜਾਂਦਾ ਹੈ ਪਰ ਉੱਥੇ ਹੀ ਵੰਡ ਦਾ ਸੰਤਾਪ ਭੋਗਣ ਵਾਲੇ ਲੋਕਾਂ ਦੇ ਚਿਹਰੇ ਉਪਰ ਨਮੋਸ਼ੀ ਅਤੇ ਦੁੱਖ ਅੱਜ ਵੀ ਦਿਖਾਈ ਦਿੰਦਾ ਹੈ। ਅਜਿਹੇ ਹੀ ਇਕ 86 ਸਾਲਾਂ ਬਜ਼ੁਰਗ ਸ਼ਮਸ਼ੇਰ ਸਿੰਘ ਹੈ, ਜਿਹਨਾਂ ਨੂੰ 1947 ਦੀ ਵੰਡ ਵੇਲੇ ਆਪਣਾ ਸਾਰਾ ਕੁਝ ਛੱਡ ਕੇ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਆ ਕੇ ਵਸਣਾ ਪਿਆ। ਉਸ ਵੇਲੇ ਨੂੰ ਯਾਦ ਕਰਦਿਆਂ ਅੱਜ ਵੀ ਅੱਖਾਂ ਨਮ ਹੋ ਜਾਂਦੀਆਂ ਹਨ। ਅਤੇ ਵਾਰ ਵਾਰ ਕਹਿੰਦੇ ਹਨ ਕਿ ਗੁਜਰੇ ਜ਼ਮਾਨੇ ਯਾਦ ਨਾ ਆ।
ਆਪਣੇ ਬਣੇ ਆਪਣਿਆਂ ਦੇ ਵੈਰੀ : 1947 ਦੀ ਵੰਡ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਲਈ ਨਾ ਭੁਲਾਉਣ ਯੋਗ ਹਨ। ਉਸ ਵੇਲੇ ਕਈਆਂ ਦੇ ਪੁੱਤਰ, ਕਈਆਂ ਦੇ ਭਰਾ ਅਤੇ ਕਈਆਂ ਦੇ ਸੁਹਾਗ ਉੱਜੜ ਗਏ। ਕਈ ਅਮੀਰ ਗਰੀਬ ਬਣ ਗਏ। ਕਈ ਜਮੀਨਾਂ ਜਾਇਦਾਦਾਂ ਵਾਲੇ ਦੋ ਵੇਲੇ ਦੀ ਰੋਟੀ ਲਈ ਵੀ ਮੁਹਤਾਜ ਹੋ ਗਏ। ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕਿੰਝ ਆਪਣੇ ਹੀ ਆਪਣਿਆਂ ਦੇ ਵੈਰੀ ਬਣ ਗਏ, ਫਿਰਕੂਵਾਦ ਇੰਨਾ ਜਿਆਦਾ ਵੱਧ ਗਿਆ ਸੀ ਕਿ ਇਨਸਾਨੀਅਤ ਖ਼ਤਮ ਹੋ ਚੁੱਕੀ ਸੀ ਅਤੇ ਇਕ ਦੂਜੇ ਦੇ ਲੋਕ ਖੂਨ ਦੇ ਪਿਆਸੇ ਹੋ ਗਏ ਸਨ। ਮਜ਼੍ਹਬ ਅਤੇ ਧਰਮ ਨੇ ਇਨਸਾਨੀਅਤ ਨੂੰ ਖ਼ਤਮ ਕਰ ਦਿੱਤਾ ਸੀ। ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣ ਗਿਆ ਸੀ।
ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਪਾਕਿਸਤਾਨ ਜਾ ਕੇ ਆਪਣੇ ਪੁਰਖਿਆਂ ਦੇ ਮਕਾਨ ਨੂੰ ਵੇਖਿਆ ਸੀ, ਅਜੋਕੇ ਸਮੇਂ ਦੇ ਵਿੱਚ ਉਥੇ ਕੋਈ ਹੋਰ ਰਹਿ ਰਿਹਾ ਹੈ। ਉਨ੍ਹਾ ਦਾ ਆਸ਼ੀਆਨਾ ਹੁਣ ਕਿਸੇ ਹੋਰ ਦੀ ਵਿਰਾਸਤ ਹੈ। ਸ਼ਮਸ਼ੇਰ ਸਿੰਘ ਨੇ ਕਿਹਾ ਕਿ ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਹੈ, ਉਸੇ ਦੀ ਤਰਜ਼ ਉੱਤੇ ਸਮੇਂ ਦੀਆਂ ਸਰਕਾਰਾਂ ਤੋਂ ਮੁੜ ਲਹਿੰਦੇ ਅਤੇ ਚੜਦੇ ਪੰਜਾਬ ਦੇ ਰਸਤੇ ਖੋਲ੍ਹਣ ਦੀ ਅਪੀਲ ਕੀਤੀ ਤਾਂ ਜੋ ਭਾਈਚਾਰਕ ਸਾਂਝ ਮੁੱੜ ਤੋਂ ਬਰਕਰਾਰ ਹੋ ਸਕੇ। ਉਨ੍ਹਾਂ ਕਿਹਾ ਕਿ ਉਸ ਵੇਲੇ ਕਤਲ-ਓ-ਗਾਰਤ ਬਹੁਤ ਜਿਆਦਾ ਹੋਈ ਸੀ। ਸਿਰਫ ਉਹ ਆਪਣੇ ਕੱਪੜੇ ਲੈ ਕੇ ਹੀ ਭਾਰਤ ਆਏ ਸਨ। ਕੁਝ ਲੋਕਾਂ ਨੂੰ ਮੱਝਾ ਲਿਆਉਣ ਦਾ ਵੀ ਮੌਕਾ ਮਿਲਿਆ ਸੀ। ਪਾਕਿਸਤਾਨ ਦੇ ਵਿੱਚ ਉਹ ਜਿਆਦਾਤਰ ਕਮਾਦ ਅਤੇ ਕਣਕ ਦੀ ਖੇਤੀ ਕਰਦੇ ਸਨ।