ਅੰਮ੍ਰਿਤਸਰ: ਨਗਰ ਨਿਗਮ ਚੋਣਾਂ ਤੋਂ ਬਾਅਦ ਹੁਣ ਤੱਕ ਅੰਮ੍ਰਿਤਸਰ ਨੂੰ ਨਵਾਂ ਮੇਅਰ ਨਹੀਂ ਮਿਲਿਆ। ਗੁਰੂ ਨਗਰੀ ਦੇ ਵਾਸੀ ਹਾਲੇ ਤੱਕ ਆਪਣੇ ਨਵੇਂ ਮੇਅਰ ਦੇ ਇੰਤਜ਼ਾਰ 'ਚ ਹਨ। ਉੱਥੇ ਹੀ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਵੱਲੋਂ ਤੀਸਰੀ ਮੀਟਿੰਗ ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ 'ਚ ਕੀਤੀ ਗਈ ਪਰ ਇਹ ਮੀਟਿੰਗ ਵੀ ਬੇਸਿੱਟਾ ਹੀ ਰਹੀ। ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ 'ਤੇ ਇੱਕ ਵਾਰ ਫਿਰ ਤੋਂ ਸਵਾਲੀਆ ਨਿਸ਼ਾਨ ਖੜੇ ਕੀਤੇ ਹਨ।
ਕੌਂਸਲਰਾਂ ਦੀ ਗਿਣਤੀ 41 ਪਹੁੰਚੀ
ਇਸ ਮੌਕੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਲਗਾਤਾਰ ਕੌਂਸਲਰ ਵੱਧਦੇ ਜਾ ਰਹੇ ਨੇ ਅਤੇ ਇਹ ਗਿਣਤੀ ਹੁਣ 41 ਤੱਕ ਪਹੁੰਚ ਚੁੱਕੀ ਹੈ। ਇਸ ਦੇ ਬਾਵਜੂਦ ਵੀ ਪੰਜਾਬ ਵਿੱਚ ਅਤੇ ਖਾਸ ਤੌਰ 'ਤੇ ਅੰਮ੍ਰਿਤਸਰ ਵਿੱਚ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਉਹ ਮੇਅਰ ਦਾ ਨਾਮ ਨਹੀਂ ਦੱਸ ਪਾ ਰਹੇ। ਉੱਥੇ ਉਹਨਾਂ ਨੇ ਕਿਹਾ ਕਿ ਜੋ ਮੀਡੀਆ ਹਾਊਸ 'ਚ ਲਗਾਤਾਰ ਹੀ ਗੱਲ ਚੱਲ ਰਹੀ ਹੈ ਕਿ ਕਾਂਗਰਸ ਪਾਰਟੀ ਵਿੱਚ ਕਾਟੋ ਕਲੇਸ਼ ਹੈ। ਅਜਿਹਾ ਕੁੱਝ ਵੀਂ ਨਹੀਂ ਉਹਨਾਂ ਅਜਿਹੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ।
ਪੰਜਾਬ ਸਰਕਾਰ 'ਤੇ ਨਿਸ਼ਾਨੇ
ਉੱਥੇ ਹੀ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਨੇ ਪੰਜਾਬ ਸਰਕਾਰ 'ਤੇ ਤੰਜ ਕੱਸਦੇ ਕਿਹਾ ਕਿ ਸੂਬੇ 'ਚ ਧਮਾਕੇ ਹੋ ਰਹੇ ਨੇ, ਪੰਜਾਬ ਦੀ ਕਾਨੂੰਨੀ ਸਥਿਤੀ ਬਿਲਕੁਲ ਹੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪੰਜਾਬ ਦਾ ਇੱਕ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ, ਗੈਂਗਸਟਰ ਲਗਾਤਾਰ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ। ਉਧਰ ਮੁੱਖ ਮੰਤਰੀ ਸਾਹਿਬ ਵਿਦੇਸ਼ੀ ਧਰਤੀ 'ਤੇ ਘੁੰਮਣ 'ਚ ਮਸ਼ਰੂਫ਼ ਹਨ। ਹੁਣ ਵੇਖਣਾ ਹੋਵੇਗਾ ਕਿ ਅੰਮ੍ਰਿਤਸਰ 'ਚ ਮੇਅਰ ਕਿਸ ਪਾਰਟੀ ਦਾ ਬਣੇਗਾ? ਕਿਉਂਕਿ ਜੋੜ-ਤੋੜ ਦੀ ਰਾਜਨੀਤੀ ਲਗਾਤਾਰ ਜਾਰੀ ਹੈ।