ਲੁਧਿਆਣਾ: ਦੇਸ਼ ਭਰ ਵਿੱਚ ਵਿਕਣ ਵਾਲੀਆਂ ਸਿਲਾਈ ਮਸ਼ੀਨਾਂ ਦੀ ਸਭ ਤੋਂ ਵੱਡੀ ਇੰਡਸਟਰੀ ਲੁਧਿਆਣਾ ਦੇ ਵਿੱਚ ਹੈ ਜੋ ਨਾ ਸਿਰਫ ਲੱਖਾਂ ਮਜ਼ਦੂਰਾਂ ਦਾ ਢਿੱਡ ਭਰਦੀ ਹੈ, ਸਗੋਂ ਘਰ ਵਿੱਚ ਬੈਠੀਆਂ ਔਰਤਾਂ ਲਈ ਵੀ ਸਿਲਾਈ ਮਸ਼ੀਨ ਰੁਜ਼ਗਾਰ ਦਾ ਸਾਧਨ ਬਣਦੀ ਹੈ।
ਜਿਸ ਕਰਕੇ ਹੁਣ ਸਿਲਾਈ ਮਸ਼ੀਨਾਂ ਬਣਾਉਣ ਵਾਲਿਆਂ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਰਾਸ਼ਨ ਦੇ ਨਾਲ-ਨਾਲ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਮੁਫ਼ਤ ਸਿਲਾਈ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ ਜਾਣ। ਦੇਸ਼ ਵਿੱਚ ਵਿਕਣ ਵਾਲੀਆਂ 90 ਫ਼ੀਸਦੀ ਸਿਲਾਈ ਮਸ਼ੀਨਾਂ ਲੁਧਿਆਣਾ ਵਿੱਚ ਬਣਾਈਆਂ ਜਾਂਦੀਆਂ ਹਨ।
ਲੁਧਿਆਣਾ ਵਿੱਚ ਸਿਲਾਈ ਮਸ਼ੀਨਾਂ ਬਣਾਉਣ ਵਾਲੇ ਵਿਕਾਸ ਡੀਡੋਨੀਆ ਨੇ ਦੱਸਿਆ ਕਿ 20 ਸਾਲ ਤੋਂ ਸਾਡੇ ਦੇਸ਼ ਵਿੱਚ ਕਾਲੀ ਸਿਲਾਈ ਮਸ਼ੀਨਾਂ ਦੀ ਮਾਰਕੀਟ ਰਹੀ ਹੈ। ਉਨ੍ਹਾਂ ਕਿਹਾ ਕਿ ਸਿਲਾਈ ਮਸ਼ੀਨਾਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਚੱਲਦਿਆਂ ਮਹਿਲਾਵਾਂ ਘਰਾਂ ਵਿੱਚ ਬੈਠ ਕੇ ਮਾਸਕ, ਕਲਫ ਆਦਿ ਤਿਆਰ ਕਰ ਰਹੀਆਂ ਹਨ ਅਤੇ ਲੋਕਾਂ 'ਚ ਵੰਡ ਰਹੀਆਂ ਹਨ ਜਿਸ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿਲਾਈ ਮਸ਼ੀਨ ਉਦਯੋਗ ਨੂੰ ਵਧਾਵਾ ਦੇਣਾ ਚਾਹੀਦਾ ਹੈ, ਜਿਸ ਲਈ ਉਹ ਰਾਸ਼ਨ ਦੇਣ ਦੇ ਨਾਲ-ਨਾਲ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਇੱਕ ਸਿਲਾਈ ਮਸ਼ੀਨ ਵੀ ਦੇ ਸਕਦੇ ਹਨ, ਜਿਸ ਨਾਲ ਉਮਰ ਭਰ ਉਨ੍ਹਾਂ ਦਾ ਰੁਜ਼ਗਾਰ ਚੱਲ ਸਕਦਾ ਹੈ।
ਉਧਰੇ ਸਿਲਾਈ ਮਸ਼ੀਨ ਉਦਯੋਗ ਨਾਲ ਜੁੜੇ ਸਨਅਤਕਾਰਾਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਇਹ ਸੁਝਾਅ ਦੇਣ ਤੋਂ ਬਾਅਦ ਈਟੀਵੀ ਭਾਰਤ ਦੀ ਟੀਮ ਵੱਲੋਂ ਮਹਿਲਾਵਾਂ ਦਾ ਵੀ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਇੱਕ ਚੰਗੀ ਪਹਿਲ ਹੋ ਸਕਦੀ ਹੈ ਕਿਉਂਕਿ ਕੋਰੋਨਾ ਦੇ ਦੌਰਾਨ ਕੰਮਕਾਰ ਕਾਫੀ ਘਟਿਆ ਹੈ। ਵਪਾਰ ਬੰਦ ਹੋ ਚੁੱਕੇ ਹਨ। ਜਿਸ ਕਰਕੇ ਜੇਕਰ ਸਰਕਾਰ ਅਜਿਹਾ ਉਪਰਾਲਾ ਕਰਦੀ ਹੈ ਤਾਂ ਇਹ ਇੱਕ ਚੰਗਾ ਕਦਮ ਹੋਵੇਗਾ, ਇਸ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਉਹ ਵੀ ਅਹਿਮ ਯੋਗਦਾਨ ਦੇ ਸਕਣਗੀਆਂ।
ਸਿਲਾਈ ਮਸ਼ੀਨ ਉਦਯੋਗ ਨਾਲ ਜੁੜੇ ਸਨਅਤਕਾਰਾਂ ਵੱਲੋਂ ਮੋਦੀ ਸਰਕਾਰ ਨੂੰ ਨਾ ਸਿਰਫ ਸਿਲਾਈ ਮਸ਼ੀਨ ਉਦਯੋਗ ਨੂੰ ਵਧਾਵਾ ਦੇਣ ਦੀ ਅਪੀਲ ਕੀਤੀ ਗਈ ਹੈ, ਸਗੋਂ ਕਿਹਾ ਹੈ ਕਿ ਜੇਕਰ ਸਿਲਾਈ ਮਸ਼ੀਨ ਉਦਯੋਗ ਚੱਲੇਗਾ ਤਾਂ ਉਸ ਕਿੱਤੇ ਨਾਲ ਜੁੜੇ ਹੋਏ ਲੱਖਾਂ ਲੋਕਾਂ ਦੇ ਢਿੱਡ ਵੀ ਭਰਨਗੇ, ਮਹਿਲਾਵਾਂ ਆਤਮ ਨਿਰਭਰ ਬਣ ਸਕਣਗੀਆਂ ਅਤੇ ਰੁਜ਼ਗਾਰ ਨਾਲ ਆਪਣੇ ਘਰ ਦਾ ਖਰਚਾ ਕਰ ਸਕਣਗੀਆਂ।