ਲੁਧਿਆਣਾ: ਸਵਾਲਾਂ 'ਚ ਘਿਰੀ ਲੋਕ ਇਨਸਾਫ਼ ਪਾਰਟੀ ਦੇ ਆਗੂ ਸੰਨੀ ਕੈਂਥ ਨੇ ਪ੍ਰੈਸ ਕਾਨਫਰੈਂਸ ਸੱਦ ਕੁੱਝ ਅਧਿਆਪਿਕਾਂ ਦੇ ਨਾਂਅ ਨਾਲ ਆਮ ਆਦਮੀ ਪਾਰਟੀ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਤੇ ਉਨ੍ਹਾਂ ਦੇ ਪਤੀ ਖਿਲਾਫ਼ ਨਕਲੀ ਸਰਟੀਫਿਕੇਟ ਤੇ ਸਰਕਾਰੀ ਫਲੈਟ 'ਤੇ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਹਨ।
ਸੰਨੀ ਕੈਂਥ ਨੇ ਲਗਾਏ ਸੰਗੀਨ ਇਲਜ਼ਾਮ
ਸੰਨੀ ਦਾ ਕਹਿਣਾ ਹੈ ਕਿ ਮਾਣੂੰਕੇ ਨੇ ਇੱਕ ਸਰਕਾਰੀ ਫਲੈਟ 'ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਨੇ ਮਾਣੂੰਕੇ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਾਣੂੰਕੇ ਨੇ ਆਪਣੇ ਹੀ ਨਾਂਅ ਤੋਂ ਅਪਲਾਈ ਕੀਤਾ ਸੀ ਤੇ ਉਨ੍ਹਾਂ ਦਾ ਫਲੈਟ 'ਤੇ ਨਜਾਇਜ ਕਬਜ਼ਾ ਹੈ, ਇਸਦੀ ਜਾਂਚ ਹੋਣੀ ਚਾਹੀਦੀ ਹੈ।
ਆਪ ਪਾਰਟੀ ਦੇ ਪ੍ਰਧਾਨ ਕੇਜਰੀਵਾਲ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਨੇ ਕਿਹਾ ਦੀ ਕਿ ਕੇਜਰੀਵਾਲ ਇਹ ਕਹਿੰਦੇ ਸੀ ਕਿ ਸਾਡੀ ਪਾਰਟੀ ਕੋਲ ਸਭ ਤੋਂ ਇਮਾਨਦਾਰ ਨੇਤਾ ਹਨ ਪਰ ਇਨ੍ਹਾਂ ਦੀ ਇਮਾਨਦਾਰੀ ਦਾ ਪਰਦਾਫਾਸ਼ ਹੋ ਗਿਆ ਹੈ।
ਅਧਿਆਪਿਕਾ ਨੇ ਵੀ ਲਗਾਏ ਮਾਣੂੰਕੇ 'ਤੇ ਇਲਜ਼ਾਮ
ਅਧਿਆਪਿਕਾ ਅਮਰਪਾਲ ਕੌਰ ਦਾ ਕਹਿਣਾ ਸੀ ਕਿ ਉਹ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ 'ਚ ਪੜ੍ਹਾਉਂਦੀ ਸੀ, ਜਦੋਂ ਮਾਣੂੰਕੇ ਉਨ੍ਹਾਂ ਨੂੰ ਜਾਣਦੀ ਸੀ ਤੇ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਨੌਕਰੀ ਲਗਾਵਾਉਣ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਦਾਖਲਾ ਅਜਿਹੀ ਯੂਨਿਵਰਸਿਟੀ 'ਚ ਕਰਵਾ ਦਿੱਤਾ ਜੋ ਬੰਦ ਹੋ ਚੁੱਕੀ ਹੈ। ਕਈ ਵਾਰ ਗੇੜੇ ਲਗਾਉਣ ਤੋਂ ਬਾਅਦ ਉਨ੍ਹਾਂ ਨੇ ਜਾਅਲ਼ੀ ਸਰਟੀਫਿਕੇਟ ਦੇ ਦਿੱਤੇ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ।
ਮਾਣੂੰਕੇ ਦਾ ਪੱਖ
ਦੂਜੇ ਪਾਸੇ ਮਾਣੂੰਕੇ ਦਾ ਕਹਿਣਾ ਸੀ ਕਿ ਇਹ ਸਾਰੇ ਇਲਜ਼ਾਮ ਬੇਬੁਨਿਆਦ ਹੈ ਤੇ ਉਨ੍ਹਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ।ਉਨ੍ਹਾਂ ਕਿਹਾ ਜੇ ਉਹ ਸਾਬਿਤ ਨਾ ਕਰ ਸਕੇ ਤਾਂ ਲੋਕ ਇਨਸਾਫ਼ ਪਾਰਟੀ ਤੇ ਮੁੱਖੀ ਸਿਮਰਜੀਤ ਸਿੰਘ ਬੈਂਸ ਉਨ੍ਹਾਂ ਤੋਂ ਮੁਆਫ਼ੀ ਮੰਗਣਗੇ ਕਿਉਂਕਿ ਉਨ੍ਹਾਂ ਨੇ ਕਿਸੇ ਨਾਲ ਇੱਕ ਰੁਪਏ ਦਾ ਵੀ ਗਬਨ ਨਹੀਂ ਕੀਤਾ ਹੈ।