ਲੁਧਿਆਣਾ: ਮਾਡਲ ਟਾਊਨ ਇਲਾਕੇ ਦੇ ਵਿਚ ਇੱਕ ਕੱਪੜਿਆਂ ਦੇ ਸ਼ੋਅਰੂਮ ਵਿੱਚ ਔਰਤਾਂ ਦੇ ਗਿਰੋਹ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤਾਂ ਦੇ ਗਿਰੋਹ ਨੇ ਇਸ ਪੂਰੀ ਵਾਰਦਾਤ ਨੂੰ ਬੁੱਧਵਾਰ ਤੜਕੇ ਅੰਜਾਮ ਦਿੱਤਾ। ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਸ਼ੋਅਰੂਮ ਦੇ ਮਾਲਕ ਜਸਪਾਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਤੋਂ 20 ਔਰਤਾਂ ਦੇ ਇੱਕ ਗੈਂਗ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਤੜਕਸਾਰ ਉਨ੍ਹਾਂ ਨੇ ਗੱਤੇ ਚੁੱਕਣ ਦੇ ਬਹਾਨੇ ਦੁਕਾਨ ਦੇ ਬਾਹਰ ਸੰਨ ਲਾ ਕੇ ਚੋਰੀ ਕੀਤੀ ਅਤੇ ਮਹਿੰਗੇ ਕੱਪੜੇ ਚੋਰੀ ਕਰਕੇ ਲੈ ਗਈਆਂ ਜਿਸ ਦੀ ਕੀਮਤ 20-30 ਲੱਖ ਦੇ ਵਿੱਚ ਦੱਸੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਔਰਤਾਂ ਨੇ ਸਿਰਫ ਮਹਿੰਗੇ ਕੱਪੜੇ ਦੇ ਕੈਬਿਨ ਉੱਤੇ ਹੀ ਹੱਥ ਸਾਫ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਪਹਿਲਾਂ ਹੀ ਜਾਣਕਾਰੀ ਸੀ। ਦੁਕਾਨਦਾਰ ਨੇ ਕਿਹਾ ਕਿ ਮਾਰਕੀਟ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਇਹ ਕੰਮ ਕਿਸੇ ਸ਼ਾਤਰ ਗਿਰੋਹ ਦਾ ਹੈ।
ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਗਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਵੀ ਖੰਘਾਲੀ ਜਾ ਰਹੀ ਹੈ।