ਲੁਧਿਆਣਾ: ਸ਼ਹਿਰ ਵਿੱਚ ਬੀਤੇ ਇੱਕ ਹਫ਼ਤੇ ਦੌਰਾਨ ਵੱਖ-ਵੱਖ ਥਾਵਾਂ 'ਤੇ 5-6 ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਪੁਲਿਸ ਦੇ ਨੱਕ ਹੇਠ ਬੇਖੌਫ਼ ਲੁਟੇਰੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਪੁਲਿਸ ਹੱਥ 'ਤੇ ਹੱਥ ਧਰ ਕੇ ਬੈਠੀ ਹੈ। ਮਾਮਲਾ ਲੁਧਿਆਣਾ ਦੀ ਭੀੜ-ਭਾੜ ਵਾਲੀ ਫਿਰੋਜ਼ ਗਾਂਧੀ ਮਾਰਕੀਟ ਦਾ ਹੈ, ਜੋ ਪੁਲਿਸ ਕਮਿਸ਼ਨਰ ਦਫ਼ਤਰ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਹੈ। ਮੋਟਰਸਾਈਕਲ ਸਵਾਰ ਨੌਜਵਾਨ ਇੱਕ ਕੱਪੜਾ ਵਪਾਰੀ ਦੇ ਹੱਥ 'ਚੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਲੈ ਗਏ। ਵਪਾਰੀ 3.50 ਲੱਖ ਰੁਪਏ ਦੀ ਨਕਦੀ ਬੈਂਕ 'ਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਜਿਸ ਦੌਰਾਨ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਉਧਰ ਦੂਜੇ ਪਾਸੇ ਆਪਣੀ ਇੱਜ਼ਤ ਬਚਾਉਣ ਲਈ ਮੌਕੇ 'ਤੇ ਪਹੁੰਚੀ ਪੁਲਿਸ ਜਾਂਚ ਦੀ ਗੱਲ ਕਹਿ ਕੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਰਟਿਆ ਰਟਾਇਆ ਜਵਾਬ ਦੇ ਕੇ ਚੱਲਦੀ ਬਣੀ।
ਇਹ ਵੀ ਪੜ੍ਹੋ: ਸੰਗਰੂਰ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਨੇ ਦਿੱਤੇ ਸਕੂਲੀ ਵੈਨਾਂ ਦੀ ਸੂਬਾ ਪੱਧਰੀ ਜਾਂਚ ਦੇ ਹੁਕਮ
ਜ਼ਿਕਰੇ-ਖ਼ਾਸ ਹੈ ਕਿ ਲੁਟੇਰੇ ਸ਼ਹਿਰ ਦੇ ਵਿੱਚ ਸ਼ਰੇਆਮ ਲੁੱਟ ਦੀਆਂ ਵਾਰਦਾਤਾਂ ਨੂੰ ਇੱਕ ਤੋਂ ਬਾਅਦ ਇੱਕ ਅੰਜਾਮ ਦੇ ਰਹੇ ਹਨ ਪਰ ਪੁਲਿਸ ਸਿਰਫ਼ ਪ੍ਰੈੱਸ ਕਾਨਫ਼ਰੰਸਾਂ ਕਰਕੇ ਆਪਣੀ ਪਿੱਠ ਥਪਥਪਾਉਂਦੀ ਰਹਿੰਦੀ ਹੈ। ਸ਼ਹਿਰ ਵਾਸੀ ਖੌਫ ਦੇ ਹੇਠ ਜਿਓਣ ਨੂੰ ਮਜਬੂਰ ਹਨ ਅਤੇ ਹਰ ਵਾਰਦਾਤ ਤੋਂ ਬਾਅਦ ਪੁਲਿਸ ਇਹੀ ਜਵਾਬ ਦਿੰਦੀ ਹੈ ਕਿ ਮੁਲਜ਼ਮ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ।