ਲੁਧਿਆਣਾ: ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਚੌਂਤਾ ਵਿਖੇ ਇੱਕ ਪੈਟਰੋਲ ਪੰਪ ਤੋਂ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ 23 ਹਜ਼ਾਰ ਰੁਪਏ ਦੀ ਨਗਦੀ ਤੇ ਇੱਕ ਮੋਬਾਇਲ ਲੁੱਟਿਆ। ਜਾਣਕਾਰੀ ਮੁਤਾਬਕ ਪੈਟਰੋਲ ਪੰਪ 'ਤੇ ਤਕਰੀਬਨ 12.20 ਵਜ੍ਹੇ 2 ਵਿਅਕਤੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੈਟਰੋਲ ਲੈਣ ਆਏ। ਇਨ੍ਹਾਂ ਵਿਅਕਤੀਆਂ ਨੇ 40 ਰੁਪਏ ਦਾ ਮੋਟਰਸਾਈਕਲ 'ਚ ਪੈਟਰੋਲ ਪਵਾਇਆ ਤੇ ਪੰਪ 'ਤੇ ਕੰਮ ਕਰਦੇ ਕਰਮਚਾਰੀ ਤੋਂ ਇੱਕ ਖ਼ਾਲੀ ਬੋਤਲ ਮੰਗੀ।
ਕਰਮਚਾਰੀ ਜਦ ਖ਼ਾਲੀ ਬੋਤਲ ਲੈਣ ਗਿਆ ਤਾਂ ਪਿੱਛੋਂ ਇੱਕ ਵਿਅਕਤੀ ਨੇ ਆ ਕੇ ਉਸ ਨੂੰ ਪਿਸਤੌਲ ਦਿਖਾ ਕੇ ਧਮਕਾਇਆ ਅਤੇ ਉਸ ਤੋਂ 23 ਹਜ਼ਾਰ ਰੁਪਏ ਦੀ ਨਗਦੀ ਤੇ ਇੱਕ ਮੋਬਾਈਲ ਫੋਨ ਖੋਹ ਕੇ ਘਟਨਾ ਨੂੰ ਅੰਜ਼ਾਮ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਸਬੰਧੀ ਕੂੰਮਕਲਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਥਾਣਾ ਮੁਖੀ ਪਰਮਜੀਤ ਸਿੰਘ ਵੱਲੋਂ ਪੈਟਰੋਲ ਪੰਪ ਕਰਮਚਾਰੀ ਦੇ ਬਿਆਨ ਦਰਜ਼ ਕਰ ਲਏ ਗਏ ਹਨ ਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਉਨ੍ਹਾਂ ਲੁਟੇਰਿਆ ਦੀ ਛਾਣ-ਬੀਣ ਕੀਤੀ ਜਾ ਰਹੀ ਹੈ।