ਲੁਧਿਆਣਾ: ਰਾਏਕੋਟ ਦੇ ਪਿੰਡ ਲਿੱਤਰਾਂ ਵਿਖੇ ਬੀਤੀ ਰਾਤ ਸਰਕਾਰੀ ਸਕੂਲ ਦੇ ਗਰਾਊਂਡ ਵਿਚਲੇ ਕਮਰੇ ਵਿੱਚ ਰਹਿੰਦੇ ਰੋਡ ਕੰਸਟਰੱਕਸ਼ਨ ਕੰਪਨੀ ਦੇ ਵਰਕਰਾਂ ਦੀ ਕੁੱਝ ਚੋਰਾਂ ਵੱਲੋਂ ਨਗਦੀ, ਦੋ ਮੋਬਾਈਲ ਫ਼ੋਨ, ਇੱਕ ਸੋਨੇ ਤੇ ਚਾਂਦੀ ਦੀ ਮੁੰਦਰੀ ਤੇ ਕੱਪੜੇ ਆਦਿ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੰਪਨੀ ਦੇ ਵਰਕਰ ਰਮੇਸ਼ ਕੁਮਾਰ ਵਾਸੀ ਕੈਥਲ (ਹਰਿਆਣਾ) ਤੇ ਸੰਜੇ ਕੁਮਾਰ ਵਾਸੀ ਯੂਪੀ ਨੇ ਦੱਸਿਆ ਕਿ ਉਹ ਸੂਰਜ ਕੰਸਟਰੱਕਸ਼ਨ ਕੰਪਨੀ ਵਿੱਚ ਕੰਮ ਕਰਦੇ ਹਨ ਅਤੇ ਰਾਏਕੋਟ ਤੋਂ ਸਰਾਭੇ ਤਕ ਸੜਕ ਦੀ ਮੁਰੰਮਤ ਕਰਨ ਲਈ ਆਏ ਹਨ। ਜਿਸ ਲਈ ਪਿੰਡ ਲਿੱਤਰਾਂ ਦੇ ਸਰਕਾਰੀ ਸਕੂਲ ਦੇ ਗਰਾਊਂਡ ਵਿਚਲੇ ਕਮਰੇ ਵਿੱਚ ਤਕਰੀਬਨ 10 ਦਿਨਾਂ ਤੋਂ ਰਹਿ ਰਹੇ ਹਨ।
ਕਰਮਚਾਰੀ ਨੇ ਆਪਣੇ ਭਰਾ ਦੇ ਵਿਆਹ ਲਈ ਐਂਡਵਾਸ ’ਚ ਲਏ ਸਨ ਪੈਸੇ
ਬੀਤੀ ਰਾਤ ਕੁੱਝ ਚੋਰ ਕਮਰੇ ਵਿੱਚ ਰੱਖੇ ਇੱਕ ਬੈਗ ਵਿੱਚੋਂ ਇੱਕ ਲੱਖ ਰੁਪਏ ਦੀ ਨਗਦੀ, ਜੋ ਕੰਪਨੀ ਵੱਲੋਂ ਲੇਬਰ ਨੂੰ ਕੰਮ ਚਲਾਉਣ ਲਈ ਦਿੱਤੀ ਗਈ ਸੀ, ਉਥੇ ਹੀ ਇੱਕ ਹੋਰ ਮਜ਼ਦੂਰ ਦੇ ਨਵੇਂ ਕੱਪੜੇ, ਇੱਕ ਸੋਨੇ ਤੇ ਇੱਕ ਚਾਂਦੀ ਦੀ ਮੁੰਦਰੀ ਤੇ ਦੋ ਮੋਬਾਈਲ ਫ਼ੋਨ ਚੋਰੀ ਕਰਕੇ ਲੈ ਗਏ। ਇਸ ਘਟਨਾ ਦਾ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ, ਜਿਸ 'ਤੇ ਉਨ੍ਹਾਂ ਇਸ ਦੀ ਸੂਚਨਾ ਰਾਏਕੋਟ ਸਦਰ ਪੁਲਿਸ ਨੂੰ ਦਿੱਤੀ।
ਵਰਕਰਾਂ ਵੱਲੋਂ ਨਾਲ ਦੇ ਕੁਝ ਵਿਅਕਤੀਆਂ ’ਤੇ ਪ੍ਰਗਟਾਇਆ ਗਿਆ ਸ਼ੱਕ
ਇਸ ਸਬੰਧੀ ਗੱਲ ਕਰਨ 'ਤੇ ਐਸਐਚਓ ਅਜੈਬ ਸਿੰਘ ਨੇ ਦੱਸਿਆ ਕਿ ਇਸ ਸੰਬੰਧ ਵਿਚ ਪੁਲਸ ਪਾਰਟੀ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੁਕੱਦਮਾ ਦਰਜ ਕਰਕੇ ਚੋਰਾਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ। ਗੌਰਤਲੱਬ ਹੈ ਕਿ ਇਸ ਸੰਬੰਧ ਵਿਚ ਵਰਕਰਾਂ ਵੱਲੋਂ ਕੁਝ ਵਿਅਕਤੀਆਂ ’ਤੇ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਦੇ ਰੋਸ ਵੱਜੋਂ ਪਿੰਡਾਂ ’ਚ ਸਿਆਸੀ ਲੀਡਰਾਂ ਦੀ ਐਂਟਰੀ ਬੈਨ