ਲੁਧਿਆਣਾ: ਭਗਵਾਨ ਸ੍ਰੀ ਰਾਮ ਜੀ ਦੀ ਜਨਮ-ਭੂਮੀ ਅਯੁਧਿਆ ਦੇ ਵਿਸ਼ਾਲ ਰਾਮ ਮੰਦਿਰ ਦੀ ਉਸਾਰੀ ਲਈ 5 ਅਗੱਸਤ ਨੂੰ ਨੀਂਹ ਪੱਥਰ ਰੱਖਿਆ ਜਾਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੂਮੀ ਪੂਜਨ ਕੀਤਾ ਜਾਵੇਗਾ, ਜਿਸ ਦੀਆਂ ਤਿਆਰੀਆਂ ਜਿਥੇ ਅਯੁੱਧਿਆ ਵਿਖੇ ਚੱਲ ਰਹੀਆਂ ਹਨ, ਉੱਥੇ ਹੀ ਲੁਧਿਆਣਾ ਵਿੱਚ ਵੀ ਹਿੰਦੂ ਭਾਈਚਾਰਾ ਪੱਬਾਂ ਭਾਰ ਹੈ।
ਹਿੰਦੂ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਇਹ ਤਿਉਹਾਰ ਤੋਂ ਘੱਟ ਨਹੀਂ। ਸਾਡੀ ਟੀਮ ਵੱਲੋਂ ਸ਼ਹਿਰ 'ਚ ਮਿਠਾਈ ਦੀਆਂ ਦੁਕਾਨਾਂ ਦਾ ਜਾਇਜ਼ਾ ਲਿਆ ਗਿਆ ਤਾਂ ਪਤਾ ਲੱਗਾ ਕਿ ਵੱਡੀ ਤਾਦਾਦ ਵਿੱਚ ਲੋਕਾਂ ਵੱਲੋਂ ਲੱਡੂਆਂ ਦੇ ਆਰਡਰ ਬੁਕ ਕਰਵਾਏ ਜਾ ਰਹੇ ਹਨ।
ਲੁਧਿਆਣਾ ਲਵਲੀ ਸਵੀਟ ਦੇ ਮਾਲਕ ਅਤੇ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਤੌਰ 'ਤੇ ਦੇਸੀ ਘਿਉ ਦੇ ਲੱਡੂ ਤਿਆਰ ਕੀਤੇ ਗਏ ਹਨ। ਇਨ੍ਹਾਂ 'ਤੇ ਸ੍ਰੀ ਰਾਮ ਜੀ ਦੇ ਸਟਿੱਕਰ ਵੀ ਲਾਏ ਗਏ ਹਨ, ਜੋ ਲੋਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਜਪਾ ਦੇ ਆਗੂ ਲੱਡੂ ਬੁੱਕ ਕਰਵਾ ਰਹੇ ਹਨ। ਇਸ ਤੋਂ ਇਲਾਵਾ ਆਮ ਲੋਕ ਵੀ ਲੱਡੂਆਂ ਦੇ ਲਗਾਤਾਰ ਆਰਡਰ ਰਹੇ ਹਨ।
ਉਧਰ, ਦੂਜੇ ਪਾਸੇ ਲੱਡੂਆਂ ਦਾ ਆਰਡਰ ਦੇਣ ਪਹੁੰਚੇ ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਵੱਲੋਂ 11 ਕਿੱਲੋ ਲੱਡੂਆਂ ਦੇ ਆਰਡਰ ਬੁਕ ਕੀਤੇ ਗਏ ਹਨ। ਆਮ ਲੋਕਾਂ ਨੇ ਵੀ ਕਿਹਾ ਕਿ ਜੇਕਰ ਕਰੋਨਾ ਮਹਾਂਮਾਰੀ ਨਾ ਹੁੰਦੀ ਤਾਂ ਉਹ ਖੁਦ ਸ੍ਰੀ ਰਾਮ ਜਨਮ ਭੂਮੀ ਦੇ ਦਰਸ਼ਨ ਕਰਦੇ। ਲੋਕਾਂ ਨੇ ਕਿਹਾ ਕਿ ਉਹ ਆਪਣੇ-ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਨੇ ਕਿ ਉਹ ਇਸ ਸਦੀ ਵਿੱਚ ਜਨਮੇ ਹਨ।