ਲੁਧਿਆਣਾ: ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਲੁਧਿਆਣਾ ਦੇ ਵਿੱਚ ਇੱਕ ਨਿੱਜੀ ਪ੍ਰੋਗਰਾਮ ਚ ਸ਼ਿਰਕਤ ਕਰਨ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਰੁੱਖ ਲਗਾਏ ਗਏ। ਇਸ ਦੌਰਾਨ ਉਨ੍ਹਾਂ ਨਾਲ ਬੁੱਢੇ ਨਾਲੇ ਲਈ ਬਣਾਈ ਗਈ ਟਾਸਕ ਫੋਰਸ ਦੀ ਮੋਨੀਟਰਿੰਗ ਟੀਮ ਦੇ ਮੈਂਬਰ ਸੇਵਾਮੁਕਤ ਜੱਜ ਵੀ ਮੌਜੂਦ ਰਹੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੱਤੇਵਾੜਾ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਕਿਹਾ ਕਿ ਉਹ ਬੁੱਢੇ ਨਾਲੇ ਦੇ ਸਫ਼ਾਈ ਲਈ ਚਲਾਏ ਜਾ ਰਹੇ ਪ੍ਰਾਜੈਕਟਾਂ ਦੀ ਵੀ ਸਾਰ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਐੱਸਟੀਪੀ ਪਲਾਂਟ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਜਲਦ ਬੁੱਢੇ ਨਾਲੇ ਦਾ ਗੰਦਾ ਪਾਣੀ ਟਰੀਟ ਕੀਤਾ ਜਾ ਸਕੇਗਾ।
ਇਸ ਮੌਕੇ ਸੀਚੇਵਾਲ ਨੇ ਕਿਹਾ ਕਿ ਮੱਤੇਵਾੜਾ ਵਿੱਚ ਜੋ ਟੈਕਸਟਾਈਲ ਪਾਰਕ ਬਣਾਉਣ ਦਾ ਫ਼ੈਸਲਾ ਸਰਕਾਰ ਨੇ ਰੱਦ ਕੀਤਾ ਉਹ ਇਕ ਸ਼ਲਾਘਾਯੋਗ ਕਦਮ ਹੈ। ਉੱਥੇ ਹੀ ਬੁੱਢੇ ਨਾਲੇ ਨੂੰ ਗੰਧਲਾ ਕਰਨ ਵਿੱਚ ਯੋਗਦਾਨ ਪਾ ਰਹੇ ਸੀਵਰੇਜ ਅਤੇ ਡੇਅਰੀਆਂ ਸਬੰਧੀ ਵੀ ਉਨ੍ਹਾਂ ਕਿਹਾ ਕਿ ਸਥਾਨਕ ਵਿਧਾਇਕਾਂ ਦੇ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਦਾ ਜਲਦ ਹੱਲ ਹੋਵੇਗਾ। ਉੱਥੇ ਹੀ ਦੂਜੇ ਪਾਸੇ ਬੁੱਢਾ ਨਾਲਾ ਸੰਬੰਧੀ ਐਨਜੀਟੀ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਦੇ ਮੈਂਬਰ ਸੇਵਾਮੁਕਤ ਜੱਜ ਨੇ ਕਿਹਾ ਕਿ ਕਿਤੇ ਨਾ ਕਿਤੇ ਲੋਕ ਜਾਗਰੂਕ ਨਹੀਂ ਹਨ ਜਿਸ ਕਰਕੇ ਬੁੱਢੇ ਨਾਲੇ ਦੇ ਇਹ ਹਾਲ ਹੋਇਆ ਹੈ।
ਉਨ੍ਹਾਂ ਕਿਹਾ ਕਿ ਲੋਕ ਬੁੱਢੇ ਨਾਲੇ ਵਿੱਚ ਗੰਦ ਸੁੱਟ ਰਹੇ ਹਨ ਜਿਸ ਕਰਕੇ ਬੁੱਢੇ ਨਾਲੇ ਦੀ ਹੀ ਹਾਲਾਤ ਪੈਦਾ ਹੋ ਗਏ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਸ ਲਈ ਕਿਤੇ ਨਾ ਕਿਤੇ ਜ਼ਿੰਮੇਵਾਰ ਹਾਂ ਕੂੜੇ ਨੂੰ ਵੱਖਰਾ ਵੱਖਰਾ ਕਰਨ ਦੀ ਥਾਂ ਇਕੱਠਾ ਹੀ ਸੁੱਟਿਆ ਜਾਂਦਾ ਹੈ ਜਿਸ ਕਰ ਕੇ ਲੁਧਿਆਣਾ ’ਚ ਗੰਦਗੀ ਫੈਲ ਰਹੀ ਹੈ। ਹਾਲਾਂਕਿ ਕੈਬਨਿਟ ਮੰਤਰੀ ਮੀਤ ਹੇਅਰ ਵੀ ਲੁਧਿਆਣਾ ਪਹੁੰਚੇ ਹੋਏ ਸਨ ਪਰ ਉਨ੍ਹਾਂ ਵੱਲੋਂ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਗਈ। ਲੋਕ ਸੰਪਰਕ ਵਿਭਾਗ ਵੱਲੋਂ ਪਹਿਲਾਂ ਮੀਡੀਆ ਨੂੰ ਸੱਦਾ ਦਿੱਤਾ ਗਿਆ ਤੇ ਫਿਰ ਪ੍ਰੋਗਰਾਮ ਕੈਂਸਲ ਹੋਣ ਦਾ ਹਵਾਲਾ ਦੇ ਦਿੱਤਾ ਗਿਆ ਇਥੋਂ ਤਕ ਕੇ ਪ੍ਰੋਗਰਾਮ ਚ ਵੀ ਮੀਤ ਹੇਅਰ ਸ਼ਿਰਕਤ ਕਰਨ ਨਹੀਂ ਪਹੁੰਚੇ।
ਇਹ ਵੀ ਪੜ੍ਹੋ: ਮੁਫ਼ਤ ਬਿਜਲੀ ਸਕੀਮ 'ਚ ਬਦਲਾਅ:ਜਨਰਲ ਵਰਗ ਨੂੰ ਦਿੱਤਾ ਝਟਕਾ, ਸਰਕਾਰ ਨੇ ਹਟਾਈ ਇਹ ਸ਼ਰਤ