ਲੁਧਿਆਣਾ: ਰੇਲਵੇ ਵਿਭਾਗ ਵੱਲੋਂ ਲਗਾਤਾਰ ਰੇਲਾਂ ’ਚ ਮਹਿਲਾਵਾਂ ਨਾਲ ਵਧ ਰਹੇ ਅਪਰਾਧਾਂ ਦੇ ਮੱਦੇਨਜ਼ਰ ਨਵੀਂ ਹੈਲਪਲਾਈਨ ਨੰਬਰ 182 ਸ਼ੁਰੂ ਕੀਤੀ ਗਈ ਹੈ। ਇਸ ਨਵੇਂ ਹੈਲਪ-ਲਾਈਨ ਨੰਬਰ ਪ੍ਰਤੀ ਆਰਪੀਐਫ ਮਹਿਲਾ ਪੁਲੀਸ ਵੱਲੋਂ ਲਗਾਤਾਰ ਟਰੇਨ ਚ ਸਫਰ ਕਰਨ ਵਾਲੀਆਂ ਮਹਿਲਾਵਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਹੈਲਪਲਾਈਨ ਨੰਬਰ ਰਾਹੀਂ ਸਫ਼ਰ ਕਰ ਰਹੀਆਂ ਔਰਤਾਂ ਆਪਣੇ ਨਾਲ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੌਰਾਨ ਫ਼ੋਨ ਕਰਕੇ ਜਾਣਕਾਰੀ ਦੇ ਸਕਦੀਆਂ ਹਨ। ਫ਼ੋਨ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਨੇੜਲੇ ਸਟੇਸ਼ਨ ਤੋਂ ਮੱਦਦ ਮਿਲ ਜਾਵੇਗੀ ਇਸ ਤੋਂ ਇਲਾਵਾ ਆਰਪੀਐਫ ਵੱਲੋਂ ਸੀਟਾਂ ਸਬੰਧੀ ਜਾਂਚ ਕਰਕੇ ਵੀ ਇਹ ਪਤਾ ਲਗਾਇਆ ਜਾਵੇਗਾ ਕਿ ਕਿਹੜੀ ਸੀਟ ’ਤੇ ਇਕੱਲੀ ਮਹਿਲਾ ਟਰੇਨ ’ਚ ਸਫ਼ਰ ਕਰ ਰਹੀ ਹੈ। ਲੁਧਿਆਣਾ ਆਰਪੀਐਫ ਪੁਲਿਸ ਦੀ ਸਬ ਇੰਸਪੈਕਟਰ ਰੀਟਾ ਰਾਣੀ ਨੇ ਦੱਸਿਆ ਕਿ ਇਹ ਹੈਲਪਲਾਈਨ ਨੰਬਰ ਮਹਿਲਾਵਾਂ ਲਈ ਕਾਫ਼ੀ ਕਾਰਗਰ ਸਾਬਿਤ ਹੋਵੇਗਾ।
ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹੈਲਪਲਾਈਨ ਨੰਬਰ 182 ਦੀ ਸ਼ੁਰੂਆਤ ਹੋਣ ਨਾਲ ਮਹਿਲਾਵਾਂ ਬੇਫ਼ਿਕਰ ਹੋ ਕੇ ਟ੍ਰੇਨ ਵਿੱਚ ਸਫ਼ਰ ਕਰ ਸਕਣਗੀਆਂ। ਉਨ੍ਹਾਂ ਕਿਹਾ ਕਿ ਮਹਿਲਾਵਾਂ ਜੋ ਕਿ ਇਕੱਲੀ ਸਫ਼ਰ ਕਰਦੀਆਂ ਨੇ ਉਨ੍ਹਾਂ ਨਾਲ ਆਰਪੀਐਫ ਦੀ ਮਹਿਲਾ ਪੁਲੀਸ ਮੁਲਾਜ਼ਮ ਖ਼ੁਦ ਸੰਪਰਕ ਕਰਨਗੀਆਂ ਤਾਂ ਜੋ ਇਕੱਲੀ ਸਫ਼ਰ ਕਰ ਰਹੀ ਔਰਤ ਆਪਣੇ ਆਪ ਨੂੰ ਕਿਸੇ ਤਰ੍ਹਾਂ ਅਸੁਰੱਖਿਅਤ ਮਹਿਸੂਸ ਨਾ ਹੋਵੇ।