ਲੁਧਿਆਣਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਸੀਐਮ ਚਿਹਰੇ ਦਾ ਐਲਾਨ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸੀਐਮ ਚਿਹਰਾ ਚਰਨਜੀਤ ਚੰਨੀ ਹੋਣਗੇ। ਉਨ੍ਹਾਂ ਕਿਹਾ ਕਿ ਇਹ ਫੈਸਲਾ ਉਨ੍ਹਾਂ ਦੇ ਇਕੱਲੇ ਦਾ ਨਹੀਂ ਸਗੋਂ ਪੰਜਾਬ ਦੇ ਲੋਕਾਂ ਦਾ, ਕਾਂਗਰਸ ਦੇ ਵਰਕਰਾਂ ਦਾ ਹੈ।
ਰਾਹੁਲ ਗਾਂਧੀ ਦੇ ਨਾਲ ਇਸ ਤੋਂ ਪਹਿਲਾਂ ਹੇਆਤ ਹੋਟਲ ’ਚ ਨਵਜੋਤ ਸਿੱਧੂ, ਸੁਨੀਲ ਜਾਖੜ, ਅਤੇ ਚਰਨਜੀਤ ਚੰਨੀ ਦੀ ਬੈਠਕ ਵੀ ਹੋਈ ਜਿਸ ਵਿਚ ਕਾਂਗਰਸ ਦੇ ਸੀਨੀਅਰ ਲੀਡਰ ਮੌਜੂਦ ਰਹੇ। ਇਹ ਮੀਟਿੰਗ ਕਰੀਬ 1.5 ਘੰਟੇ ਚੱਲੀ। ਇਸ ਬੈਠਕ ਤੋਂ ਬਾਅਦ ਹੀ ਇੱਕ ਨਿੱਜੀ ਪੈਲੇਸ ’ਚ ਵਰਚਉਲ ਰੈਲੀ ਰਾਹੀਂ ਰਾਹੁਲ ਗਾਂਧੀ ਨੇ ਇਸ ਦਾ ਐਲਾਨ ਕੀਤਾ।
ਰਾਹੁਲ ਗਾਂਧੀ ਦੇ ਨਾਲ ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਨੇ ਵੀ ਚਰਨਜੀਤ ਚੰਨੀ ਦੀ ਤਾਰੀਫ ਕੀਤੀ ਅਤੇ ਨਾਲ ਹੀ ਸਿੱਧੂ ਦੀ ਸਪੀਚ ਦੌਰਾਨ ਚੰਨੀ ਨੇ ਸਿੱਧੂ ਨੂੰ ਚੱਲਦੀ ਸਪੀਚ ’ਚ ਜਾ ਕੇ ਜੱਫੀ ਪਾਈ ਜਿਸ ਤੋਂ ਸਾਫ ਹੋ ਗਿਆ ਸੀ ਕਿ ਚਰਨਜੀਤ ਚੰਨੀ ਦਾ ਨਾਂ ਫਾਈਨਲ ਹੋ ਗਿਆ।
ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਨਾਮ ’ਤੇ ਮੁੜ ਤੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਦਾਅ ਖੇਡਿਆ ਹੈ। ਰਾਹੁਲ ਗਾਂਧੀ ਨੇ ਸਟੇਜ ਤੋਂ ਕਿਹਾ ਕਿ ਇਹ ਆਮ ਲੋਕਾਂ ਦਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪੰਜਾਬ ਵਾਸੀਆਂ ਦਾ ਹੈ ਪੁਰਾਣੇ ਕਾਂਗਰਸੀ ਵਰਕਰਾਂ ਦਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਫੈਸਲਾ ਲੈਣਾ ਔਖਾ ਸੀ ਪਰ ਸੌਖਾ ਪੰਜਾਬ ਦੇ ਲੋਕਾਂ ਨੇ ਕਰ ਦਿੱਤਾ।
ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਚਰਨਜੀਤ ਸਿੰਘ ਚੰਨੀ ਦੇ ਚਿਹਰੇ ’ਤੇ ਮੋਹਰ ਲੱਗੀ ਤਾਂ ਚੰਨੀ ਨੇ ਕਿਹਾ ਕਿ ਇਹ ਸਾਰਾ ਕੰਮ ਅਸੀਂ ਮਿਲਜੁਲ ਕੇ ਕਰਨਾ ਹੈ। ਚੰਨੀ ਨੇ ਕਿਹਾ ਕਿ ਨਾ ਉਨ੍ਹਾਂ ਕੋਲ ਪੈਸਾ ਹੈ ਅਤੇ ਹੁਣ ਲੋਕ ਉਨ੍ਹਾਂ ਦੀ ਮਦਦ ਕਰਨਗੇ ਅਤੇ ਲੋਕ ਹੀ ਉਨ੍ਹਾਂ ਨੂੰ ਹਿੰਮਤ ਦੇਣਗੇ।
ਇਸ ਪੂਰੇ ਸਮਾਗਮ ਤੋਂ ਬਾਅਦ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਨੇ ਸੀਐਮ ਚਿਹਰੇ ’ਤੇ ਮੋਹਰ ਲਾਈ ਹੈ ਅਤੇ ਉਹ ਸਾਰਿਆਂ ਨੂੰ ਕਬੂਲ ਹੈ। ਉਨ੍ਹਾਂ ਕਿਹਾ ਕਿ ਖ਼ਾਨਾਜੰਗੀ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਉਹ ਮੁੱਖ ਮੰਤਰੀ ਬਣੇ ਅਤੇ ਹਰ ਕੋਈ ਇਸ ਬਾਰੇ ਸੋਚਦਾ ਹੈ।
ਉੱਥੇ ਹੀ ਉਨ੍ਹਾਂ ਨੂੰ ਚੋਣਾਂ ਵਿੱਚ ਕਾਂਗਰਸ ਨੂੰ ਸੀਟਾਂ ਮਿਲਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਹਾਲੇ ਇਸ ਦੀ ਭਵਿੱਖਬਾਣੀ ਨਹੀਂ ਕਰ ਸਕਦੇ। ਜਾਖੜ ਨੇ ਕਿਹਾ ਕਿ ਅੱਜ ਇੱਕ ਬਹੁਤ ਚੰਗਾ ਕੰਮ ਹੋਇਆ ਹੈ ਕਿ ਇਹ ਫਾਈਨਲ ਹੋ ਗਿਆ ਹੈ ਕੌਣ ਮੁੱਖਮੰਤਰੀ ਚਿਹਰਾ ਹੋਵੇਗਾ।
ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਮੁੱਲਾਂਪੁਰ ਦਾਖਾ ਤੋਂ ਉਮੀਦਵਾਰ ਅਤੇ ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਉਹ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਨ।
ਇਹ ਵੀ ਪੜ੍ਹੋ:ਨਵਜੋਤ ਸਿੱਧੂ ਦਾ ਪੰਜਾਬ ਮਾਡਲ ਹੁਣ ਹੋਵੇਗਾ ਲਾਗੂ: ਚਰਨਜੀਤ ਚੰਨੀ