ਲੁਧਿਆਣਾ: ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਹੈ। ਹੁਣ ਖੇਤੀਬਾੜੀ ਵਿੱਚ ਹੋਰ ਨਵੀਆਂ ਤਕਨੀਕਾਂ, ਖੋਜਾਂ, ਬੀਜਾਂ ਤੇ ਹੋਰ ਕਈ ਸਹੂਲਤਾਂ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬੜੀ ਯੂਨੀਵਰਸਿਟੀਆਂ ਵੀ ਅਪਣਾ ਅਹਿਮ ਰੋਲ ਨਿਭਾ ਰਹੀਆਂ ਹਨ। ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇਸ਼ ਭਰ ਵਿੱਚ ਸੂਬਿਆਂ ਦੀਆਂ 63 ਚੋਂ ਪਹਿਲੇ ਨੰਬਰ ਉੱਤੇ ਰਹੀ ਹੈ। ਜਿਸ ਨੂੰ ਲੈਕੇ ਯੂਨੀਵਰਸਿਟੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਪਣੀ ਉਪਲਬਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਇਹ ਉਪਲੱਬਧੀ ਆਪਣੇ ਵੱਲੋਂ ਕੀਤੀਆਂ ਗਈਆਂ ਲਗਾਤਾਰ ਖੋਜਾਂ, ਕਿਸਾਨਾਂ ਦੀ ਭਲਾਈ ਲਈ ਕੀਤੇ ਗਏ ਕੰਮ ਨਵੀਆਂ ਬੀਜਾਂ ਦੀਆਂ ਕਿਸਮਾਂ, ਪਾਣੀ ਦੀ ਬੱਚਤ ਲਈ ਕੀਤੇ ਜਾ ਰਹੇ ਉਪਰਾਲੇ, ਨਾਲ ਹੀ ਖੇਤੀਬਾੜੀ ਦੇ ਖੇਤਰ ਵਿੱਚ ਕੀਤੀਆਂ ਗਈਆਂ ਨਵੀਆਂ ਤਕਨੀਕਾਂ ਲਈ ਯੂਨੀਵਰਸਿਟੀ ਨੂੰ ਇਹ ਮਾਣ ਹਾਸਲ ਹੋਇਆ ਹੈ।
ਪ੍ਰੋਫੈਸਰਾਂ ਤੇ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ: ਪੀਏਯੂ ਦੇ ਵਾਇਸ ਚਾਂਸਲਰ ਸਤਵੀਰ ਗੋਸਲ ਨੇ ਕਿਹਾ ਹੈ ਕਿ ਸਟੇਟ ਸਰਕਾਰ ਦੇ ਸਹਿਯੋਗ ਪ੍ਰੋਫੈਸਰਾਂ ਵੱਲੋਂ ਕੀਤੇ ਗਏ ਉਪਰਾਲੇ ਅਤੇ ਵਿਦਿਆਰਥੀਆਂ ਦੇ ਚੰਗੇ ਯੋਗਦਾਨ ਕਰਕੇ ਅਸੀਂ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਇਸ ਨੂੰ ਭਵਿੱਖ ਦੇ ਵਿੱਚ ਹੋਰ ਬਿਹਤਰ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਪਾਣੀ ਨੂੰ ਬਚਾਉਣ ਲਈ, ਫ਼ਸਲ ਦੀ ਚੰਗੀ ਗੁਣਵੱਤਾ ਦੇ ਲਈ ਸਾਡੇ ਵੱਲੋਂ ਯਤਨ ਕੀਤੇ ਜਾ ਰਹੇ ਹਨ ਇਹ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਆਈਟੀ ਸੈਕਟਰ ਵਿੱਚ ਵੀ ਪੀਏਯੂ ਕਿਤੇ ਨਾ ਕਿਤੇ ਪਿੱਛੇ ਹੈ ਜਿਸ ਨੂੰ ਹੋਰ ਬਿਹਤਰ ਬਣਾਉਣ ਲਈ ਉਪਰਾਲੇ ਕਰ ਰਹੇ ਹਨ।
ਕਿਹੜੇ-ਕਿਹੜੇ ਪੈਰਾਮੀਟਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਟੀਚਿੰਗ ਅਤੇ ਲਰਨਿੰਗ ਦੇ ਖੇਤਰ ਵਿਚ ਮਾਰੀਆਂ ਗਈਆਂ ਮੱਲਾਂ ਨਾਲ ਕਿੰਨੇ ਵਿਦਿਆਰਥੀਆਂ ਨੂੰ ਗ੍ਰੈਜੂਏਟ ਕੀਤਾ ਗਿਆ। ਕਿੰਨੀਆਂ ਨੂੰ ਡਿਗਰੀ ਮਿਲੀ ਅਤੇ ਉਸ ਤੋਂ ਬਾਅਦ ਕਿੰਨੇ ਵਿਦਿਆਰਥੀਆਂ ਦੀ ਪਲੇਸਮੈਂਟ ਹੋਈ, ਇਨ੍ਹਾਂ ਪੈਰਾਮੀਟਰ ਦੇ ਅਧਾਰ ਉੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਾਣ ਹਾਸਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖੇਤੀਬਾੜੀ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਨੂੰ ਲੈ ਕੇ ਵੀ ਨਵੀਂ ਦਿੱਲੀ ਵਿਚ ਹੋਏ ਇਸ ਸਰਵੇ ਵਿਚ ਯੂਨੀਵਰਸਿਟੀ ਨੂੰ ਇਹ ਮਾਣ ਦਿੱਤਾ ਗਿਆ ਹੈ।
ਯੂਨੀਵਰਸਿਟੀ ਦੇ ਉਪਰਾਲੇ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਫ਼ਸਲ ਦੀ ਪੈਦਾਵਾਰ ਦੇ ਨਾਲ-ਨਾਲ ਫਸਲ ਦੀ ਗੁਣਵੱਤਾ ਵਧਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਵਾਈਸ ਚਾਂਸਲਰ ਸਤਵੀਰ ਗੋਸਲ ਨੇ ਕਿਹਾ ਕਿ ਸਾਡੇ ਵੱਲੋਂ ਕਣਕ ਦੀਆਂ ਕਈ ਨਵੀਆਂ ਕਿਸਮਾਂ ਲਾਂਚ ਕੀਤੀਆਂ ਗਈਆਂ ਹਨ, ਜਿੰਨਾਂ ਵਿੱਚ ਜਿੰਕ ਨਾਂ ਦੀ ਇੱਕ ਨਵੀ ਵਰਾਇਟੀ ਲਾਂਚ ਕੀਤੀ ਗਈ ਹੈ। ਇਸ ਤੋਂ ਇਲਾਵਾ ਚਪਾਤੀ ਨਾਮ ਦੀ ਕਣਕ ਦੀ ਨਵੀ ਵਰਾਇਟੀ ਲਾਂਚ ਕੀਤੀ ਗਈ ਹੈ, ਜੋ ਮੱਧ ਪ੍ਰਦੇਸ਼ ਦੀ ਕਣਕ ਨੂੰ ਵੀ ਮਾਤ ਪਾਉਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਵੱਲੋਂ ਦਾਲਾਂ ਦੀਆਂ ਨਵੀਆਂ ਕਿਸਮਾਂ, ਤੇਲ ਲਈ ਤਿਲਾਂ ਦੀਆਂ ਨਵੀਆਂ ਕਿਸਮਾਂ ਵੀ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਖਾਸ ਤੌਰ ਉੱਤੇ ਮਾਰਕਫੈਡ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜਿਸ ਨਾਲ ਜਿਹੜੀਆਂ ਚੰਗੀਆਂ ਤੇ ਕਿਸਮਾਂ ਯੂਨੀਵਰਸਿਟੀ ਦੇ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਹਨ, ਉਨ੍ਹਾਂ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਚੰਗੀ ਗੁਣਵੱਤਾ ਵਾਲਾ ਅਨਾਜ ਅਤੇ ਤੇਲ ਮਿਲ ਸਕੇ।
ਫ਼ਸਲੀ ਚੱਕਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਨੇ ਕਿਹਾ ਕਿ ਸਾਡੇ ਵੱਲੋਂ 2004 ਤੋਂ ਹੀ ਫਸਲੀ ਚੱਕਰ ਨੂੰ ਲੈ ਕੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਸੂਬਾ ਸਰਕਾਰਾਂ ਦਾ ਵੀ ਅਹਿਮ ਰੋਲ ਹੈ, ਕਿਉਂਕਿ ਐਮਐਸਪੀ ਕਣਕ ਅਤੇ ਝੋਨੇ ਉੱਤੇ ਹੀ ਮਿਲਦਾ ਹੈ। ਕਣਕ ਦਾ ਕੋਈ ਨੁਕਸਾਨ ਨਹੀਂ, ਪਰ ਝੋਨਾ ਪਾਣੀ ਦੀ ਜ਼ਿਆਦਾ ਖਪਤ ਕਰਦਾ ਹੈ। ਕਿਸਾਨ ਐਮਐਸਪੀ ਕਰਕੇ ਝੋਨਾ ਲਾਉਂਦਾ ਹੈ, ਜੇਕਰ ਦਾਲਾਂ ਤੇ ਅਤੇ ਹੋਰ ਫਸਲਾਂ ਉੱਤੇ ਵੀ ਐਮਐਸਪੀ ਦਿੱਤੀ ਜਾਵੇ, ਤਾਂ ਕਿਸਾਨ ਫ਼ਸਲੀ ਚੱਕਰ ਤੋਂ ਜ਼ਰੂਰ ਨਿਕਲ ਜਾਣਗੇ, ਪਰ ਉਸ ਲਈ ਸਭ ਨੂੰ ਮਿਲ ਕੇ ਉਪਰਾਲੇ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਾਡੇ ਵੱਲੋਂ ਘੱਟ ਸਮੇਂ ਵਿਚ ਤਿਆਰ ਹੋਣ ਵਾਲੀਆਂ ਕਿਸਮਾਂ ਵੀ ਇਜਾਦ ਕੀਤੀਆਂ ਗਈਆਂ ਹਨ।
ਪੀਏਯੂ ਦਾ ਇਤਿਹਾਸ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨਿਰਮਾਣ ਸਾਲ 1962 ਵਿੱਚ ਹੋਇਆ ਸੀ। ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਇਸ ਖੇਤੀਬਾੜੀ ਲਈ ਇਸ ਦੀ ਸ਼ੁਰੂਆਤ ਕੀਤੀ ਗਈ। ਪੂਰੇ ਦੇਸ਼ ਵਿੱਚ ਜਦੋਂ ਹਰੀ ਕ੍ਰਾਂਤੀ ਲਿਆਂਦੀ ਗਈ, ਤਾਂ ਦੇਸ਼ ਲਈ ਪੰਜਾਬ ਅਨਾਜ ਪੈਦਾਵਾਰ ਕਰਨ ਵਾਲਾ ਮੋਹਰੀ ਸੂਬਾ ਬਣਿਆ, ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇਸ ਵਿੱਚ ਅਹਿਮ ਰੋਲ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਵੱਲੋਂ ਹੁਣ ਤੱਕ ਕਣਕ ਅਤੇ ਝੋਨੇ ਦੀਆਂ ਸੈਂਕੜੇ ਕਿਸਮਾਂ ਕਿਸਾਨਾਂ ਨੂੰ ਸਿਫਾਰਿਸ਼ ਕੀਤੀਆਂ ਗਈਆਂ ਹਨ।