ਰਾਏਕੋਟ: ਇੱਥੋਂ ਦੇ ਨਗਰ ਕੌਂਸਲ ਦਫ਼ਤਰ 'ਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਉਣ 'ਤੇ ਸੀਟੂ, ਬਸਪਾ ਅਤੇ ਆਪ ਪਾਰਟੀ ਦੇ ਆਗੂਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਗਰ ਕੌਂਸਲ ਅਧਿਕਾਰੀਆਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸੀਟੂ ਦੇ ਸੂਬਾਈ ਆਗੂ ਕਾਮਰੇਡ ਦਲਜੀਤ ਕੁਮਾਰ ਗੋਰਾ ਬਸਪਾ ਆਗੂ ਸੁਰਿੰਦਰ ਸਿੰਘ ਪੱਪੀ ਸਪਰਾ ਸਾਬਕਾ ਕੌਂਸਲਰ ਤੇ ਸਾਹਿਲ ਕੁਮਾਰ, ਗੁਰਮਿੰਦਰ ਸਿੰਘ ਤੂਰ ਆਪ ਆਗੂ ਨੇ ਦੱਸਿਆ ਕਿ ਨਗਰ ਕੌਂਸਲ ਦੇ ਮੀਟਿੰਗ ਹਾਲ ਵਿੱਚ ਪਿਛਲੇ ਲੰਮੇ ਸਮੇਂ ਤੋਂ ਸਤਿਕਾਰ ਵਜੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਲਗਾਈ ਹੋਈ ਸੀ, ਜਿਸ ਨੂੰ 9 ਮਹੀਨੇ ਪਹਿਲਾਂ ਕਿਸੇ ਪ੍ਰੋਗਰਾਮ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਉਤਰਵਾ ਦਿੱਤਾ ਪਰ ਇਨਾ ਸਮਾਂ ਬੀਤ ਜਾਣ ਦੇ ਬਾਵਜੂਦ ਇਹ ਤਸਵੀਰ ਉਸ ਜਗ੍ਹਾ 'ਤੇ ਲਗਾਈ ਨਹੀਂ ਗਈ, ਸਗੋਂ ਕੈਪਟਨ ਸਰਕਾਰ ਦੀ ਮਸ਼ਹੂਰੀ ਵਾਲੀਆਂ ਵਿਸ਼ਾਲ ਆਕਾਰੀ ਫ਼ਲੈਕਸਾਂ ਲਗਾ ਦਿੱਤੀਆਂ ਗਈਆਂ।
ਇਸ ਦੌਰਾਨ ਬਸਪਾ ਆਗੂ ਪੱਪੀ ਸਪਰਾ ਦੇ ਧਿਆਨ ਵਿੱਚ ਆਇਆ ਕਿ ਡਾ. ਭੀਮ ਰਾਓ ਅੰਬੇਦਕਰ ਦੀ ਤਸਵੀਰ ਦਫ਼ਤਰ ਵਿੱਚ ਕਰਮਚਾਰੀਆਂ ਦੀਆਂ ਕੁਰਸੀਆਂ ਪਿੱਛੇ ਰੁੜ੍ਹ ਰਹੀ ਹੈ ਅਤੇ ਉਸ ਉੱਪਰ ਮਿੱਟੀ ਘੱਟਾ ਡਿੱਗਿਆ ਹੋਇਆ ਬਲਕਿ ਉਸ ਤਸਵੀਰ ਦੀ ਪੂਰੀ ਤਰ੍ਹਾਂ ਬੇਅਦਬੀ ਕੀਤੀ ਜਾ ਰਹੀ ਹੈ ਜਦਕਿ ਡਾ. ਭੀਮ ਰਾਓ ਅੰਬੇਦਕਰ ਜੀ ਦੇ ਸੰਵਿਧਾਨ ਸਦਕਾ ਹੀ ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨੌਕਰੀਆਂ ਹਾਸਲ ਹੋਈਆਂ ਹਨ।
ਇਸ ਮੌਕੇ ਵੱਖ ਵੱਖ ਆਗੂਆਂ ਵੱਲੋਂ ਕੀਤੇ ਪ੍ਰਦਰਸ਼ਨ ਤੋਂ ਨਗਰ ਕੌਂਸਲ ਕਰਮਚਾਰੀਆਂ ਦੇ ਇਕਦਮ ਹਰਕਤ ਵਿੱਚ ਆ ਗਏ ਅਤੇ ਤਰੁੰਤ ਆਗੂਆਂ ਦੀ ਮੌਜੂਦਗੀ ਵਿੱਚ ਤਸਵੀਰ ਦੀਵਾਰ 'ਤੇ ਲਗਾਈ ਗਈ, ਉਥੇ ਹੀ ਐਮ ਈ ਅਵਤਾਰ ਸਿੰਘ ਨੇ ਆਗੂਆਂ ਨੂੰ ਸ਼ਾਂਤ ਕੀਤਾ, ਉੱਧਰ ਦੂਜੇ ਪਾਸੇ ਪ੍ਰਦਰਸ਼ਨਕਾਰੀ ਆਗੂਆਂ ਨੇ ਇਸ ਸਬੰਧ 'ਚ ਜਿੰਮੇਵਾਰੀ ਅਧਿਕਾਰੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ, ਬਲਕਿ ਅਜਿਹਾ ਨਾ ਹੋਣ ਤੇ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।