ਲੁਧਿਆਣਾ: ਇੱਕ ਪਾਸੇ ਦੇਸ਼ ਭਰ ਵਿੱਚ ਲੋਕਡਾਊਨ-5 ਦੀ ਸ਼ੁਰੂਆਤ ਹੋ ਚੁੱਕੀ ਹੈ। ਦੂਜੇ ਪਾਸੇ, ਸਰਕਾਰ ਵੱਲੋਂ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਪਰ ਲੁਧਿਆਣਾ ਦਾ ਇੱਕ ਨਿੱਜੀ ਸਕੂਲ, ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਵੀ ਹੈ, ਉਹ ਇਨ੍ਹਾਂ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦਾ ਨਜ਼ਰ ਆਇਆ।
ਬੱਚਿਆਂ ਨੂੰ ਸਕੂਲ ਵਿੱਚ ਸੱਦਿਆ ਜਾ ਰਿਹਾ ਹੈ ਅਤੇ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਹਨ। ਇੱਥੋਂ ਤੱਕ ਕਿ ਬੱਚਿਆਂ ਵਿੱਚ ਆਪਸੀ ਕੋਈ ਦੂਰੀ ਵੀ ਬਣਾ ਕੇ ਨਹੀਂ ਰੱਖੀ ਜਾ ਰਹੀ ਅਤੇ ਜਦੋਂ ਇਸ ਸਬੰਧੀ ਅਸੀਂ ਸਕੂਲ ਦੀ ਅਧਿਆਪਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ।
ਇਸ ਸਬੰਧੀ ਸਕੂਲ ਦੀ ਅਧਿਆਪਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਮਾਫ ਕਰ ਦਿਓ ਅਤੇ ਤੁਸੀਂ ਜੋ ਕਰਨਾ ਹੈ ਕਰ ਲਓ। ਉਨ੍ਹਾਂ ਕਿਹਾ ਕਿ ਦੂਜੀ ਮੈਡਮ ਵੱਲੋਂ ਇਨ੍ਹਾਂ ਬੱਚਿਆਂ ਨੂੰ ਸੱਦਿਆ ਗਿਆ ਸੀ ਅਤੇ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ। ਉਹ ਇਸ ਤੋਂ ਅਣਜਾਣ ਸਨ। ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਦੇ ਮਾਪੇ ਆਪਣੀ ਮਰਜ਼ੀ ਨਾਲ ਬੱਚਿਆਂ ਨੂੰ ਸਕੂਲ ਛੱਡ ਕੇ ਗਏ ਹਨ ਅਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਹੁਣ ਵਾਪਿਸ ਲਿਜਾ ਰਹੇ ਹਨ।
ਇੱਕ ਪਾਸੇ ਦਾ ਜਿੱਥੇ ਸਰਕਾਰ ਵੱਲੋਂ ਕਿਸੇ ਵੀ ਵਿੱਦਿਅਕ ਅਦਾਰੇ ਨੂੰ ਖੋਲ੍ਹਣ ਤੋਂ ਸਖ਼ਤ ਮਨਾਹੀ ਕੀਤੀ ਗਈ ਹੈ, ਉੱਥੇ ਹੀ ਕੁਝ ਅਜਿਹੇ ਨਿੱਜੀ ਸਕੂਲ ਵੀ ਹਨ, ਜੋ ਆਪਣੀ ਮਨਮਾਨੀ ਕਰਦੇ ਹਨ। ਇੱਥੋਂ ਤੱਕ ਕੇ ਬਿਲਕੁਲ ਛੋਟੇ ਛੋਟੇ ਬੱਚਿਆਂ ਨੂੰ ਸਕੂਲ ਵਿੱਚ ਸੱਦਿਆ ਗਿਆ ਹੈ ਜੋ ਕਿ ਇਸ ਬਿਮਾਰੀ ਤੋਂ ਵੀ ਪੂਰੀ ਤਰ੍ਹਾਂ ਅਣਜਾਣ ਹਨ।
ਇਹ ਵੀ ਪੜ੍ਹੋ: 'ਫ਼ਤਿਹ ਹੋਉ ਪੰਜਾਬੀਓ, ਚੰਗੇ ਦਿਨ ਮੁੜ ਕੇ ਆਉਣਗੇ'