ਲੁਧਿਆਣਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੀਆਂ ਵਿਧਾਨ ਸਭਾ ਚੋਣਾਂ 'ਚ ਇਹ ਵਾਅਦਾ ਕੀਤਾ ਸੀ ਕਿ ਸਰਕਾਰੀ ਬੱਸਾਂ ਦੀ ਗਿਣਤੀ ਵਧਾਈ ਜਾਵੇਗੀ ਅਤੇ ਪ੍ਰਾਈਵੇਟ ਬੱਸ ਮਾਫੀਆ 'ਤੇ ਲਗਾਮ ਕਸੀ ਜਾਵੇਗੀ ਪਰ ਤਖ਼ਤਾ ਪਲਟਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਹੀ ਹੁਣ ਸਰਕਾਰੀ ਬੱਸਾਂ ਤੋਂ ਉਤਰਨ ਲੱਗੀਆਂ ਹਨ।
ਪੀਆਰਟੀਸੀ ਨੇ ਆਪਣੀਆਂ ਸਾਰੀਆਂ ਬੱਸਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪੀਆਰਟੀਸੀ ਵੱਲੋਂ ਦੇਰ ਰਾਤ ਇਹ ਆਰਡਰ ਜਾਰੀ ਕੀਤੇ ਗਏ ਹਨ ਅਤੇ ਡਿਪੂਆਂ ਨੂੰ ਇਹ ਆਰਡਰ ਅੱਜ ਸਵੇਰੇ ਮਿਲ ਚੁੱਕੇ ਹਨ। ਜਿਸ ਤੋਂ ਬਾਅਦ ਬੱਸ ਦੇ ਡਿੱਪੂ 'ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਉਤਾਰੇ ਜਾ ਰਹੇ ਹਨ।
ਜਦੋਂ ਟੀਮ ਵੱਲੋਂ ਲੁਧਿਆਣਾ ਪੀਆਰਟੀਸੀ ਡੀਪੂ ਦਾ ਜਾਇਜ਼ਾ ਲਿਆ ਗਿਆ ਤਾਂ ਸੀਨੀਅਰ ਸੁਪਰਡੈਂਟ ਨੇ ਦੱਸਿਆ ਕਿ ਅੱਜ ਸਵੇਰੇ ਹੀ ਉਨ੍ਹਾਂ ਨੂੰ ਇਸ ਦੇ ਆਰਡਰ ਮਿਲੇ ਹਨ ਅਤੇ ਤੁਰੰਤ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਬੱਸਾਂ ਤੋਂ ਉਤਾਰਨ ਲਈ ਕਿਹਾ ਗਿਆ।
ਜਿਸ ਤੋਂ ਬਾਅਦ ਕਾਰਵਾਈ ਨੂੰ ਅਮਲ 'ਚ ਲਿਆਉਂਦਿਆਂ ਉਨ੍ਹਾਂ ਵੱਲੋਂ ਇਹ ਪੋਸਟਰ ਉਤਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 30 ਦੇ ਕਰੀਬ ਪੀਆਰਟੀਸੀ ਬੱਸਾਂ ਤੋਂ ਕੈਪਟਨ ਦੇ ਵਿਗਿਆਪਨ ਉਤਾਰੇ ਜਾ ਚੁੱਕੇ ਹਨ ਅਤੇ ਸ਼ਾਮ ਤੱਕ ਸਾਰੀਆਂ ਬੱਸਾਂ ਸਾਫ਼ ਕਰ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਫਿਲਹਾਲ ਆਰਡਰ ਸਿਰਫ ਪੀਆਰਟੀਸੀ ਲਈ ਹੀ ਆਏ ਹਨ, ਇਸ ਕਰਕੇ ਉਹ ਪੀਆਰਟੀਸੀ ਦੀਆਂ ਬੱਸਾਂ ਤੋਂ ਇਹ ਵਿਗਿਆਪਨ ਉਤਾਰ ਰਹੇ ਹਨ ਤੇ ਬਾਕੀ ਅੱਗੇ ਜੋ ਵੀ ਫੈਸਲਾ ਆਵੇਗਾ ਉਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ: ਸ਼ਰੇਆਮ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੀ ਪੰਜਾਬ ਸਰਕਾਰ, ਬੱਸਾਂ 'ਤੇ ਲੱਗੇ ਕੈਪਟਨ ਦੇ ਪੋਸਟਰ