ਲੁਧਿਆਣਾ: ਪੰਜਾਬ ਦੇ ਕਈ ਟੋਲ ਪਲਾਜ਼ਾ 'ਤੇ ਰੇਟਾਂ ਵਿੱਚ ਸਲਾਨਾ ਵਾਧਾ ਕੀਤਾ ਗਿਆ ਹੈ ਜਿਸ ਕਾਰਨ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਉੱਤੇ ਇੱਕ ਵਾਰ ਫਿਰ ਤੋਂ ਟੋਲ ਵਿੱਚ ਵਾਧਾ ਹੋ ਗਿਆ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਲਾਨਾ 10% ਵਾਧਾ ਕੀਤਾ ਗਿਆ ਹੈ। ਉਧਰ ਲੋਕਾਂ ਨੇ ਇਸ ਨੂੰ ਲੈ ਕੇ ਰੋਸ ਪ੍ਰਗਟਿਆ ਹੈ।
ਕਿਸ ਨੂੰ ਕਿੰਨਾ ਅਦਾਇਗੀ ਕਰਨੀ ਪਵੇਗੀ: ਹੁਣ ਇਸ ਟੋਲ ਤੋਂ ਲੰਘਣ ਵਾਲੇ ਵਾਹਨ ਨੂੰ 150 ਰੁਪਏ ਦੀ ਥਾਂ 165 ਰੁਪਏ ਅਦਾ ਕਰਨੇ ਪੈਣਗੇ। ਇਸੇ ਤਰ੍ਹਾਂ ਮਿੰਨੀ ਬੱਸ ਵਾਲੇ ਨੂੰ ਟੋਲ ਲਈ 285 ਰੁਪਏ, ਜਦਕਿ ਬੱਸ-ਟਰੱਕ ਨੂੰ 575 ਰੁਪਏ, ਹੈਵੀ ਵਹੀਕਲ 2 ਐਕਸਲ ਵਾਲੇ ਵਾਹਨ ਨੂੰ 925 ਰੁਪਏ ਅਦਾ ਕਰਨਗੇ ਪੈਣਗੇ।
ਰਾਹਗੀਰਾਂ ਵਲੋਂ ਵਧੀਆਂ ਕੀਮਤਾਂ ਨੂੰ ਲੈ ਕੇ ਰੋਸ: ਟੋਲ ਦੀਆਂ ਵਧੀਆਂ ਕੀਮਤਾਂ ਨੂੰ ਲੈਕੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਹੈ। ਰਾਹਗੀਰਾਂ ਨੇ ਕਿਹਾ ਕਿ ਲਾਡੋਵਾਲ ਦਾ ਟੋਲ ਪਲਾਜ਼ਾ ਪਹਿਲਾਂ ਹੀ ਬਹੁਤ ਮਹਿੰਗਾ ਸੀ ਅਤੇ ਹੁਣ ਇਸ ਦੀਆਂ ਕੀਮਤਾਂ ਵਿੱਚ ਹੋਰ ਇਜ਼ਾਫਾ ਕਰ ਦਿੱਤਾ ਹੈ। ਰਾਹਗੀਰਾਂ ਨੇ ਕਿਹਾ ਕਿ ਇਹ ਬੋਝ ਹੈ, ਜੋ ਕਿ ਲਗਾਤਾਰ ਵਧ ਰਿਹਾ ਹੈ।
ਜ਼ਿਆਦਤਰ ਅਸਰ ਟਰੱਕਾਂ ਵਾਲਿਆਂ ਨੂੰ ਲਿਆ ਹੈ, ਜਿਨ੍ਹਾਂ ਦੀਆਂ ਟੋਲ ਦਰਾਂ ਵਿੱਚ ਸਿੱਧਾ 100 ਰੁਪਏ ਤੱਕ ਦਾ ਇਜ਼ਾਫਾ ਹੋ ਗਿਆ ਹੈ। ਇੱਕ ਟਰੱਕ ਚਾਲਕ ਨੇ ਕਿਹਾ ਕਿ ਅਸੀਂ ਪਹਿਲਾਂ 845 ਦਿੰਦੇ ਸੀ, ਹੁਣ 925 ਰੁਪਏ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾ ਨੂੰ ਲੰਮਾ ਸਮਾਂ ਟੋਲ ਉੱਤੇ ਖੜੇ ਰਹਿਣਾ ਪੈਂਦਾ ਹੈ ਜਿਸ ਕਾਰਨ ਉਨ੍ਹਾਂ ਦਾ ਵਾਧੂ ਡੀਜ਼ਲ ਵੀ ਲੱਗਦਾ ਹੈ ਅਤੇ ਫਿਰ ਟੋਲ ਵੀ ਦੇਣਾ ਪੈਂਦਾ ਹੈ।
ਮੈਨੇਜਰ ਨੇ ਕੀ ਕਿਹਾ?: ਟੋਲ ਮੈਨੇਜਰ ਗੌਰਵ ਕਵਾਤਰਾ ਨੇ ਕਿਹਾ ਕਿ ਸਲਾਨਾ ਟੋਲ ਦੀਆਂ ਕੀਮਤਾਂ ਵਧਾਉਣ ਦੀ ਤਜਵੀਜ਼ ਹੈ ਜਿਸ ਕਰਕੇ ਇਨ੍ਹਾਂ ਕੀਮਤਾਂ 'ਚ ਅੱਜ ਯਾਨੀ 1 ਸਤੰਬਰ ਦੀ ਰਾਤ ਤੋਂ ਵਧੀਆ ਕੀਮਤਾਂ ਲਾਗੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ 10 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਆਦਤਰ ਕੌਂਮੀ ਹਾਈਵੇਅਜ਼ ਦੇ ਅਧੀਨ ਚੱਲ ਰਹੇ ਕਈ ਟੋਲ ਦੀਆਂ ਦਰਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਛੋਟੀ ਗੱਡੀਆਂ ਦੀ ਕੀਮਤ 150 ਰੁਪਏ ਸੀ, ਹੁਣ 165 ਰੁਪਏ ਹੋ ਗਈ ਹੈ।