ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਨੇ ਆਪਣੇ ਫੇਸਬੁੱਕ 'ਤੇ ਵੀਡੀਓ ਪਾ ਕੇ ਸਾਰੇ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ। ਉਨ੍ਹਾਂ ਕਿਹਾ ਕਿ ਸੰਸਾਰ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਿਹਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਿਮੋਟ ਸੈਂਸਿੰਗ ਵਿਭਾਗ ਵੱਲੋਂ ਮਿਲੀ ਜਾਣਕਾਰੀ ਤੋਂ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਪੰਜਾਬ ਦੇ ਵਿੱਚ 700 ਥਾਵਾਂ 'ਤੇ ਕਣਕ ਦੇ ਨਾੜ ਨੂੰ ਅੱਗ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੋਰੋਨਾ ਕਰਕੇ ਲੋਕ ਪਰੇਸ਼ਾਨ ਹਨ ਅਤੇ ਇਸ ਦਾ ਅਸਰ ਸਾਡੀ ਸਾਹ ਪ੍ਰਣਾਲੀ 'ਤੇ ਹੁੰਦਾ ਹੈ ਅਤੇ ਹੁਣ ਅਸੀਂ ਖੁਦ ਕਣਕ ਦੀ ਨਾੜ ਨੂੰ ਅੱਗ ਲਾ ਕੇ ਬਲਦੀ ਵਿੱਚ ਘਿਓ ਪਾਉਣ ਦਾ ਕੰਮ ਕਰ ਰਹੇ ਹਾਂ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਤੋਂ ਪਰਾਲੀ ਸਮੱਸਿਆ ਦੇ ਹੱਲ ਲਈ ਕੀਤੀ ਬੋਨਸ ਦੀ ਮੰਗ਼
ਉਨ੍ਹਾਂ ਕਿਸਾਨਾਂ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਹਾਲੇ ਝੋਨੇ ਅਤੇ ਮੱਕੀ ਨੂੰ ਲਾਉਣ ਵਿੱਚ ਕਾਫੀ ਸਮਾਂ ਹੈ, ਇਸ ਕਰਕੇ ਕਿਸਾਨ ਸਬਰ ਰੱਖਣ ਅਤੇ ਉਨ੍ਹਾਂ ਦੀ ਅਪੀਲ ਹੈ ਕਿ ਕਣਕ ਦੀ ਨਾੜ ਨੂੰ ਅੱਗ ਲਾ ਕੇ ਬਲਦੀ ਵਿੱਚ ਹੋਰ ਘਿਓ ਨਾ ਪਾਉਣ।