ਲੁਧਿਆਣਾ: ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਬਾਅਦ ਜਿੱਥੇ ਪੰਜਾਬ ਵਿੱਚ ਚਾਹੁੰਣ ਵਾਲੇ ਲੋਕਾਂ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਤਾਂ ਉੱਥੇ ਹੀ ਬਾਦਲ ਪਰਿਵਾਰ ਦੇ ਨਜ਼ਦੀਕੀਆ ਵਿੱਚ ਅਫ਼ਸੋਸ ਦੇਖਣ ਨੂੰ ਮਿਲ ਰਿਹਾ ਹੈ। ਓਧਰ ਮਾਡਲ ਟਾਉਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਕਿਹਾ ਕਿ ਸਾਬਕਾ ਸੀਐਮ ਨਾਲ ਉਹਨਾਂ ਦੇ ਪਰਿਵਾਰਿਕ ਸਬੰਧ ਨੇ ਅਤੇ ਕਿਹਾ 1979 ਵਿੱਚ ਲੁਧਿਆਣਾ ਕੇਂਦਰੀ ਜੇਲ ਵਿੱਚ ਉਹਨਾਂ ਦੀ ਮੁਲਾਕਾਤ ਪਰਕਾਸ਼ ਸਿੰਘ ਬਾਦਲ ਦੇ ਨਾਲ ਹੋਈ ਸੀ ਜੋ ਇਕ ਕੇਸ ਵਿੱਚ ਜੇਲ ਵਿੱਚ ਬੰਦ ਸਨ।
ਉਨ੍ਹਾਂ ਕਿਹਾ ਕਿ ਅਕਸਰ ਹੀ ਪੰਜਾਬ ਨੂੰ ਅੱਗੇ ਲਿਜਾਣ ਵਾਲੀਆਂ ਗੱਲਾਂ ਅਤੇ ਪੰਜਾਬ ਦੀ ਅਮਨ ਸ਼ਾਂਤੀ ਲਈ ਉਹਨਾਂ ਨਾਲ ਕਈ ਵਾਰ ਗੱਲਬਾਤ ਹੋਈ ਹੈ। ਇਸ ਦੌਰਾਨ ਉਨ੍ਹਾਂ 1992 ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਰਕਾਸ਼ ਸਿੰਘ ਬਾਦਲ ਵੱਲੋਂ ਸਿਕੋਰਿਟੀ ਨੂੰ ਲੈ ਕੇ ਵੀ ਜਿਪਸੀਆਂ ਦੀ ਮੰਗ ਕੀਤੀ ਗਈ ਤਾਂ ਉਦੋਂ ਉਹਨਾਂ ਨਾਲ ਹੀ ਗੱਲ ਹੋਈ ਸੀ ਕਿ ਉਸ ਸਮੇਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਉਹ ਨਾਲ ਹੁੰਦੇ ਸਨ। ਉਦੋਂ ਉਹਨਾਂ ਨੇ ਜਿਪਸੀਆਂ ਪਹਿਲ ਦੇ ਅਧਾਰ ਉੱਤੇ ਉਨ੍ਹਾਂ ਲਈ ਭੇਜੀਆਂ।
ਇਹ ਵੀ ਪੜ੍ਹੋ : ਅਟਲ ਬਿਹਾਰੀ ਬਾਜਪਾਈ ਨੂੰ ਇਕ ਸਮਰਥਨ ਨਾਲ ਜੁੜਿਆ ਸੀ ਪਰਕਾਸ਼ ਸਿੰਘ ਬਾਦਲ ਦਾ ਭਾਜਪਾ ਨਾਲ ਰਿਸ਼ਤਾ, ਪੜ੍ਹੋ ਕਿੱਥੋਂ ਤੱਕ ਨਿਭੀ ਸਿਆਸੀ ਦੋਸਤੀ
ਅਮਰਜੀਤ ਟਿੱਕਾ ਨੇ ਕਿਹਾ ਕਿ 2016 ਵਿੱਚ ਰਾਜੋਆਣਾ ਮਾਮਲੇ ਵਿੱਚ ਪੰਜਾਬ ਦੇ ਵਿਗੜ ਰਹੇ ਮਾਹੌਲ ਨੂੰ ਲੈਕੇ ਵੀ ਉਸ ਸਮੇਂ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਫੋਨ ਕਰਕੇ ਗੁਰਕੀਰਤ ਕੋਟਲੀ ਨਾਲ ਮੁਲਾਕਾਤ ਦੀ ਗੱਲ ਕਹੀ ਸੀ। ਜਦੋਂ ਉਹਨਾਂ ਬਾਦਲ ਨਾਲ ਮੁਲਾਕਾਤ ਕੀਤੀ ਤਾਂ ਉਹਨਾਂ ਪੰਜਾਬ ਦੀ ਅਮਨ ਸ਼ਾਂਤੀ ਰੱਖਣ ਦੀ ਗੱਲ ਕਰਦਿਆਂ ਬਿਆਨ ਜਾਰੀ ਕਰਵਾਇਆ ਸੀ ਕਿ ਰਾਜੋਆਣਾ ਨੂੰ ਫਾਂਸੀ ਨਹੀਂ ਬਲਕਿ ਉਮਰ ਕੈਦ ਕਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਬਾਦਲ ਬੜੇ ਹੀ ਨਰਮ ਸੁਭਾਅ ਦੇ ਸਨ ਅਤੇ ਉਹਨਾਂ ਵਰਗਾ ਕੋਈ ਲੀਡਰ ਦੇਸ਼ ਵਿਚ ਪੈਦਾ ਨਹੀਂ ਹੋਇਆ ਅਤੇ ਨਾ ਹੀ ਅੱਗੇ ਕੋਈ ਆਸ ਉਮੀਦ ਹੈ।