ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਲੁਧਿਆਣਾ 'ਚ ਇਕ ਪ੍ਰੈੱਸ ਕਾਨਫ਼ਰੰਸ 'ਚ ਜੰਮੂ ਅਤੇ ਕਸ਼ਮੀਰ ਵਿੱਚ ਸੈਨਿਕਾਂ 'ਤੇ ਹੋਏ ਹਿੰਸਕ ਹਮਲਿਆਂ 'ਤੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਹ ਆਪਣੇ ਦੇਸ਼ 'ਚ ਰਹਿ ਰਹੇ ਆਪਣੇ ਬਹਾਦਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਲਾਮ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਉਹ ਮਾਨਯੋਗ ਪ੍ਰਧਾਨ ਮੰਤਰੀ ਦਾ ਹੱਥ ਮਜ਼ਬੂਤ ਕਰਨ ਦੀ ਕਾਮਨਾ ਕਰਦੇ ਹਨ ਅਤੇ ਜਲਦ ਤੋਂ ਜਲਦ ਸ਼ਹੀਦਾਂ ਦੀ ਸ਼ਹਾਦਤ ਦਾ ਬਦਲਾ ਲੈਣ ਦੀ ਮੰਗ ਕਰਦੇ ਹਾਂ ਤਾਂ ਜੋ ਗੁੱਸੇ ਨਾਲ ਭਰੇ ਦੇਸ਼ ਵਾਸੀਆਂ ਦੇ ਦਿਲਾਂ 'ਚ ਠੰਡ ਪੈ ਸਕੇ। ਉਨ੍ਹਾਂ ਕਿਹਾ ਕਿ ਡੀ.ਜੀ.ਪੀ ਪੰਜਾਬ ਦੀ ਇੱਕ ਫੋਟੋ ਵਾਇਰਲ ਹੋਈ ਸੀ ਜਿਸ ਵਿੱਚ ਉਹ ਇੱਕ ਪਾਕਿਸਤਾਨੀ ਨਾਗਰਿਕ, ਅਰੂਸਾ ਆਲਮ ਤੋਂ ਅਸ਼ੀਰਵਾਦ ਮੰਗਦੇ ਦਿੱਖ ਰਹੇ ਸਨ।
ਗਰੇਵਾਲ ਨੇ ਕਿਹਾ ਕਿ ਅਰੂਸਾ ਆਲਮ ਕੈਪਟਨ ਸਾਹਿਬ ਦੇ ਘਰ 'ਚ ਰਹਿੰਦੀ ਹੈ। ਉਹ ਪਾਕਿਸਤਾਨੀ ਫ਼ੌਜੀ ਅਫ਼ਸਰਜ਼ ਕਲੱਬ ਦੀ ਇੱਕ ਸੋਸ਼ਲਾਈਟ ਹੈ ਅਤੇ ਪਾਕਿਸਤਾਨ ਕੋਲ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ, ਜਿਨ੍ਹਾਂ ਦਾ ਇਸਤੇਮਾਲ ਜਾਸੂਸੀ ਦੇ ਮਕਸਦ ਲਈ ਹਨੀ ਟਰੈਪ ਵਾਸਤੇ ਕੀਤਾ ਜਾਂਦਾ ਹੈ।
ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਗਰੇਵਾਲ ਨੇ ਕਿਹਾ ਸਿੱਧੂ ਸੋਚਣ ਤੋਂ ਪਹਿਲਾਂ ਬੋਲਦੇ ਹਨ। ਉਹ ਬਾਜਵਾ ਨੂੰ ਗਲੇ ਲਗਾਉਂਦੇ ਹਨ ਅਤੇ ਇਮਰਾਨ ਖ਼ਾਨ ਦੀ ਪ੍ਰਸ਼ੰਸਾ ਕਰਦੇ ਹਨ, ਜਿਹੜੇ ਕਿ ਜੈਸ਼ ਦੀ ਵਜ੍ਹਾ ਨਾਲ ਸੱਤਾ 'ਚ ਆਏ ਸਨ ਅਤੇ ਸਿੱਧੂ ਇਹੋ ਜਿਹੇ ਸਮੇਂ 'ਚ ਪਾਕਿਸਤਾਨ ਨਾਲ ਸ਼ਾਂਤੀ ਵਾਰਤਾ ਦੀ ਗੱਲ ਕਰਦੇ ਹਨ, ਜਦੋਂ ਸਮੁੱਚਾ ਭਾਰਤ ਦਰਦ ਅਤੇ ਗੁੱਸੇ 'ਚ ਹੈ।