ਲੁਧਿਆਣਾ: ਬੀਤੀ ਦੇਰ ਰਾਤ ਤਾਜਪੁਰ ਰੋਡ 'ਤੇ ਤੇਜ਼ ਰਫ਼ਤਾਰ ਦੇ ਕਹਿਰ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ। ਇਕ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿੱਚ 4 ਲੋਕ ਆ ਗਏ, ਜਿਨ੍ਹਾਂ ਵਿੱਚ ਇਕ ਦੀ ਮੌਤ ਦੀ ਖ਼ਬਰ ਹੈ, ਜਦਕਿ ਬਾਕੀ 3 ਜਖ਼ਮੀ ਹੋ ਗਏ। ਜਖਮੀਆਂ ਨੂੰ ਦੇਰ ਰਾਤ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿਨ੍ਹਾਂ ਵਿਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਬਾਕੀ ਦੋ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਤੇਜ਼ ਰਫ਼ਤਾਰ ਬਣੀ ਕਾਲ: ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਹੋਇਆ ਜਦੋਂ ਇੱਕ ਤੇਜ਼ ਰਫਤਾਰ ਬਲੈਰੋ ਕਾਰ ਨੇ ਤਿੰਨ ਮੋਟਰਸਾਈਕਲ ਸਵਾਰ ਸਣੇ ਇੱਕ ਰਾਹਗੀਰ ਨੂੰ ਟੱਕਰ ਮਾਰ ਦਿੱਤੀ। ਇਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਬਾਕੀ ਤਿੰਨ ਜਖਮੀ ਹਨ। ਮ੍ਰਿਤਕ ਦੇਹ ਨੂੰ ਲੁਧਿਆਣਾ ਸਿਵਲ ਹਸਪਤਾਲ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ।
ਕਾਰ ਡਰਾਈਵਰ ਮੌਕੇ ਤੋਂ ਫ਼ਰਾਰ: ਜਿਸ ਵਿਅਕਤੀ ਦੀ ਹਾਦਸੇ ਵਿੱਚ ਜਾਨ ਗਈ ਹੈ, ਉਸ ਦੀ ਪਛਾਣ ਗੁਰੂ ਰਾਮਦਾਸ ਨਗਰ ਵਾਸੀ ਜੈਰਾਮ ਵਜੋਂ ਹੋਈ ਹੈ, ਜੋ ਕਿ ਕਿਸੇ ਕੰਪਨੀ ਵਿੱਚ ਡਰਾਈਵਰੀ ਦਾ ਕੰਮ ਕਰਦਾ ਹੈ। ਹਾਲਾਂਕਿ ਇਨ੍ਹਾਂ ਨੂੰ ਟੱਕਰ ਮਾਰਨ ਵਾਲਾ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ 7 ਨੂੰ ਦਿੱਤੀ ਗਈ ਹੈ ਅਤੇ ਪੁਲਿਸ ਵਲੋਂ ਕਾਰ ਦਾ ਨੰਬਰ ਟ੍ਰੇਸ ਕੀਤਾ ਜਾ ਰਿਹਾ ਹੈ ਅਤੇ ਜਲਦ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ।
ਇੱਕ ਰਾਹਗੀਰ ਵਿੱਚ ਹਾਦਸੇ ਦੀ ਲਪੇਟ 'ਚ ਆਇਆ: ਮੋਟਰਸਾਇਕਲ ਉੱਤੇ ਤਿੰਨ ਲੋਕ ਸਵਾਰ ਸਨ, ਜਿਨ੍ਹਾਂ ਵਿੱਚ 1 ਜੀਜਾ ਅਤੇ 2 ਸਾਲ਼ੇ ਸਨ। ਜੀਜਾ ਜੈਰਾਮ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ ਇਕ ਇਕ ਵਿਅਕਤੀ ਦਾ ਪੈਰ ਵੀ ਟੁੱਟਿਆ ਹੈ। ਮ੍ਰਿਤਕ ਦੇ ਭਤੀਜੇ ਵਿਜੇ ਨੇ ਦੱਸਿਆ ਕਿ ਮਰਨ ਵਾਲੇ ਜੈਰਾਮ ਉਨ੍ਹਾ ਦੇ ਚਾਚਾ ਹਨ ਅਤੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਹਨ, ਉਹ ਉਨ੍ਹਾਂ ਦੇ ਮਾਮਾ ਹਨ। ਵਿਜੇ ਨੇ ਕਿਹਾ ਕਿ ਤਾਜਪੁਰ ਰੋਡ ਚੁੰਗੀ ਕੋਲ ਹਾਦਸਾ ਵਾਪਰਿਆ ਹੈ ਅਤੇ ਕਿਸੇ ਬਲੈਰੋ ਕਾਰ ਨੇ ਉਨ੍ਹਾਂ ਦੇ ਚਾਚੇ ਨੂੰ ਪਿੱਛੋਂ ਟੱਕਰ ਮਾਰੀ ਹੈ। ਉਨ੍ਹਾਂ ਕਿਹਾ ਕਿ ਉਸ ਦੇ ਮਾਮੇ ਦਾ ਪੈਰ ਟੁੱਟ ਗਿਆ ਹੈ, ਜਦਕਿ ਉਸ ਦੇ ਚਾਚੇ ਦੀ ਮੌਤ ਹੋ ਗਈ ਹੈ। ਇਨ੍ਹਾਂ ਤਿੰਨਾਂ ਦੇ ਨਾਲ 1 ਹੋਰ ਰਾਹਗੀਰ ਵਿਕਾਸ ਕੁਮਾਰ ਵੀ ਇਸ ਹਾਦਸੇ ਦੀ ਲਪੇਟ ਵਿੱਚ ਆਉਣ ਕਰਕੇ ਜਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ, ਉਹ ਫੈਕਟਰੀ ਤੋਂ ਛੁੱਟੀ ਹੋਣ ਤੋਂ ਬਾਅਦ ਘਰ ਪਰਤ ਰਿਹਾ ਸੀ।