ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਕਰਕੇ 4 ਨਵੰਬਰ ਨੂੰ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਕੋਠੀ ਦਾ ਘਿਰਾਉ ਕਰਨ ਦਾ ਐਲਾਨ ਕੀਤਾ।। ਉੱਤਰ ਪ੍ਰਦੇਸ਼, ਬਿਹਾਰ ਆਦਿ ਤੋਂ ਝੋਨਾ ਲਿਆ ਕੇ ਪੰਜਾਬ ਦੇ 'ਚ ਵੇਚਣ ਦੇ ਮਾਮਲੇ ਅਤੇ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਦੀ ਦੁਰਵਰਤੋਂ ਅਤੇ ਗ਼ਰੀਬ ਲੋਕਾਂ ਤੱਕ ਨਾ ਪਹੁੰਚਾਉਣ ਦੇ ਮੁੱਦੇ 'ਤੇ ਅਕਾਲੀ ਦਲ ਵੱਲੋਂ ਇਹ ਘਿਰਾਉ ਕੀਤਾ ਜਾਵੇਗਾ। ਇਸ ਧਰਨੇ ਵਿੱਚ ਕੌਣ-ਕੌਣ ਸ਼ਾਮਲ ਹੋਵੇਗਾ ਇਸ ਬਾਰੇ ਖੁਲਾਸਾ ਨਹੀਂ ਕੀਤਾ ਗਿਆ, ਪਰ ਪ੍ਰੈਸ ਕਾਨਫਰੰਸ ਦੇ ਵਿੱਚ ਮਹੇਸ਼ ਇੰਦਰ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਅਤੇ ਮਨਪ੍ਰੀਤ ਇਆਲੀ ਤੋਂ ਇਲਾਵਾ ਹੋਰ ਵੀ ਲੁਧਿਆਣਾ ਦੇ ਆਗੂ ਮੌਜੂਦ ਸਨ।
ਇਸ ਸਬੰਧ 'ਚ ਮਹੇਸ਼ ਇੰਦਰ ਗਰੇਵਾਲ ਨੇ ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆਕੇ ਪੰਜਾਬ ਦੇ ਵਿੱਚ ਵੇਚਣ ਦੇ ਮਾਮਲੇ ਦੇ 'ਚ ਮੰਤਰੀ ਆਸ਼ੂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੰਤਰੀ ਆਸ਼ੂ ਨੇ ਇਹ ਵੱਡਾ ਘੁਟਾਲਾ ਕੀਤਾ ਹੈ ਅਤੇ ਆਪਣੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੇ ਸ਼ੈਲਰਾਂ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆਕੇ ਮਹਿੰਗੀਆਂ ਕੀਮਤਾਂ 'ਚ ਵੇਚਿਆ ਜਾ ਰਿਹਾ ਹੈ।
ਮਹੇਸ਼ ਇੰਦਰ ਗਰੇਵਾਲ ਨੇ ਵੀ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੱਲੇ ਡੀਐਮ ਨੂੰ ਸਸਪੈਂਡ ਕਰਨ ਨਾਲ ਕੁੱਝ ਨਹੀਂ ਹੋਣ। ਮਹੇਸ਼ ਇੰਦਰ ਗਰੇਵਾਲ ਨੇ 1992 ਦੇ ਮਾਮਲੇ ਦੇ ਵਿੱਚ ਉਨ੍ਹਾਂ 'ਤੇ ਅੱਤਵਾਦੀਆਂ ਨੂੰ ਸ਼ਹਿ ਦੇਣ ਦੇ ਵੀ ਇਲਜ਼ਾਮ ਲਗਾਏ ਹਨ।
ਉਧਰ ਦੂਜੇ ਪਾਸੇ ਮਹੇਸ਼ ਇੰਦਰ ਗਰੇਵਾਲ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰਨ ਅਤੇ ਰੇਲਾਂ ਰੋਕਣ ਦੇ ਮਾਮਲੇ 'ਤੇ ਵੀ ਵੱਡਾ ਬਿਆਨ ਦਿੰਦਿਆਂ ਕਿਹਾ ਕੇ ਦਿੱਲੀ ਹਮੇਸ਼ਾ ਤੋਂ ਹੀ ਪੰਜਾਬ ਦੀ ਵਿਰੋਧੀ ਰਹੀ ਹੈ ਭਾਵੇਂ ਉਥੇ ਕਾਂਗਰਸ ਦੀ ਸਰਕਾਰ ਹੋਵੇ ਜਾਂ ਕੋਈ ਹੋਰ।