ਲੁਧਿਆਣਾ: ਹੈਬੋਵਾਲ ਸਥਿਤ ਗੋਪਾਲ ਨਗਰ ਵਿੱਚੋਂ ਇੱਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ, ਜਿਥੇ 70 ਸਾਲਾ ਬਜ਼ੁਰਗ ਨੂੰ ਜੁੱਤੀਆਂ-ਚੱਪਲਾਂ ਦਾ ਹਾਰ ਪਾ ਕੇ ਗਲੀ ਵਿੱਚ ਘੁੰਮਾਇਆ ਗਿਆ ਹੈ। ਪੀੜਤ ਬਜ਼ੁਰਗ ਵਿਅਕਤੀ 'ਤੇ ਇੱਕ ਮਹਿਲਾ ਜੋ ਕਿ ਉਸ ਦੀ ਸਾਲੇਹਾਰ ਹੈ ਨਾਲ ਛੇੜਖਾਨੀ ਦਾ ਆਰੋਪ ਲੱਗਿਆ ਹੈ। ਆਰੋਪ ਉਪਰੰਤ ਮਹਿਲਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੀੜਤ ਵਿਅਕਤੀ ਦੀ ਕੁੱਟਮਾਰ ਕਰਕੇ ਮੂੰਹ ਕਾਲਾ ਕਰਦੇ ਹੋਏ ਜੁੱਤੀਆਂ-ਚੱਪਲਾਂ ਦਾ ਹਾਰ ਪਾ ਕੇ ਅੱਧਨੰਗੀ ਹਾਲਤ ਵਿੱਚ ਦਿਨ-ਦਿਹਾੜੇ ਗਲੀ ਵਿੱਚ ਘੁਮਾਇਆ ਗਿਆ।
ਇਸ ਘਟਨਾ ਦੀ ਉੱਥੇ ਮੌਜੂਦ ਕੁਝ ਲੋਕਾਂ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਆਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ 4-5 ਦਿਨ ਪੁਰਾਣੀ ਹੈ ਜਦੋਂ ਪੀੜਤ ਬਜ਼ੁਰਗ ਕਿਸੇ ਸਮਾਗਮ ਤੋਂ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਉਹ ਨਸ਼ੇ ਦੀ ਹਾਲਤ ਵਿੱਚ ਰਸਤੇ ਵਿੱਚ ਆਉਂਦੇ ਆਪਣੇ ਸਾਲੇਹਾਰ ਦੇ ਘਰ ਪਹੁੰਚ ਗਿਆ ਅਤੇ ਨਸ਼ੇ ਦੀ ਹਾਲਤ ਵਿਚ ਉਸ ਉੱਪਰ ਡਿੱਗ ਗਿਆ। ਇਸ ਦੌਰਾਨ ਬਜ਼ੁਰਗ ਮਹਿਲਾ ਦੇ ਬੇਟੇ ਨੇ ਦੇਖ ਲਿਆ ਅਤੇ ਉਸ ਨੇ ਸ਼ੋਰ ਮਚਾਇਆ, ਜਿਸ ਤੋਂ ਬਾਅਦ ਮੁਹੱਲੇ ਵਾਲੇ ਇਕੱਠੇ ਹੋ ਗਏ ਅਤੇ ਗੁੱਸੇ ਵਿੱਚ ਆਏ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਬਜ਼ੁਰਗ ਦਾ ਮੂੰਹ ਕਾਲਾ ਕਰਕੇ ਅੱਧਨੰਗੀ ਹਾਲਤ ਵਿੱਚ ਗਲੀ ਵਿੱਚ ਘੁੰਮਾਇਆ ਗਿਆ।
ਪੁਲਿਸ ਨੇ ਪੀੜਤ ਬਜ਼ੁਰਗ ਵਿਅਕਤੀ ਦੇ ਬੇਟੇ ਦੀ ਸ਼ਿਕਾਇਤ ਤੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।