ਲੁਧਿਆਣਾ : ਇੱਕ ਪਾਸੇ ਪੰਜਾਬ ਪੁਲਿਸ ਨਸ਼ਿਆਂ ਨੂੰ ਖਤਮ ਕਰਨ ਲਈ ਜਨਤਾ ਤੋਂ ਸਹਿਯੋਗ ਦੀ ਮੰਗ ਕਰਦੀ ਹੈ ਤਾਂ ਦੂਜੇ ਪਾਸੇ ਜੇ ਕੋਈ ਆਮ ਇਨਸਾਨ ਨਸ਼ਿਆਂ ਦੀ ਖਿਲਾਫਤ ਕਰਦਾ ਹੈ ਤਾਂ ਉਸਨੂੰ ਇਸਦੇ ਗੰਭੀਰ ਸਿੱਟੇ ਭੁਗਤਣੇ ਪੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਖੰਨਾ ਦੇ ਮਾਛੀਵਾੜਾ ਸਾਹਿਬ ਤੋਂ ਸਾਮਣੇ ਆਇਆ, ਜਿੱਥੇ ਨਸ਼ਾ ਤਸਕਰਾਂ ਨੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਇਕ ਬਜੁਰਗ ਨਾਲ ਇਸ ਕਰਕੇ ਕੁੱਟਮਾਰ ਕੀਤੀ ਹੈ ਕਿ ਉਹ ਨਸ਼ੇ ਦੇ ਖਿਲਾਫ ਭੁਗਤਦਾ ਸੀ। ਬਜੁਰਗ ਨੂੰ ਅਗਵਾ ਕਰਕੇ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਹੈ। ਇਸਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁੱਝ ਨੌਜਵਾਨ ਬਜੁਰਗ ਨੂੰ ਚੱਪਲਾਂ ਨਾਲ ਕੁੱਟ ਰਹੇ ਹਨ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੀ ਹਰਕਤ 'ਚ ਆਈ ਹੈ ਅਤੇ 3 ਨੌਜਵਾਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋ ਮੁਲਜਮਾਂ ਦੀ ਭਾਲ ਜਾਰੀ ਹੈ।
ਘਰੋਂ ਸੱਦ ਕੇ ਕੀਤਾ ਅਗਵਾ : ਪੀੜਤ ਮਨਜੀਤ ਸਿੰਘ ਨੇ ਦੱਸਿਆ ਕਿ ਉਸਦੇ ਇਲਾਕੇ ਦੇ ਕੁਝ ਨੌਜਵਾਨ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਵੇਚਣ ਦਾ ਧੰਦਾ ਕਰ ਰਹੇ ਹਨ। ਇੱਥੋਂ ਤੱਕ ਕਿ ਉਹ ਆਪ ਵੀ ਸਰੇਆਮ ਹੀ ਨਸ਼ਾ ਕਰਦੇ ਹਨ। ਉਸਨੇ ਇਨ੍ਹਾਂ ਨੌਜਵਾਨਾਂ ਨੂੰ ਕਈ ਵਾਰ ਰੋਕਿਆ ਪਰ ਉਹ ਨਹੀਂ ਮੰਨੇ। ਉਸਨੂੰ ਰੋਕਣ ਦੀ ਸਜ਼ਾ ਇਹ ਦਿੱਤੀ ਗਈ ਕਿ ਘਰੋਂ ਸੱਦ ਕੇ ਅਗਵਾ ਕਰ ਲਿਆ ਗਿਆ ਅਤੇ ਉਸ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ। ਉਸਦੇ ਸਿਰ 'ਚ ਜੁੱਤੀਆਂ ਮਾਰ ਕੇ ਵੀਡੀਓ ਬਣਾਈ ਗਈ। ਉਸਦੇ ਥੱਪੜ ਮਾਰੇ ਗਏ। ਬਜ਼ੁਰਗ ਨੇ ਕੁੱਟਮਾਰ ਕਾਰਨ ਸਰੀਰ 'ਤੇ ਪਏ ਨਿਸ਼ਾਨ ਵੀ ਦਿਖਾਏ। ਪੀੜਤ ਨੇ ਮੰਗ ਕੀਤੀ ਕਿ ਉਸਨੂੰ ਇਨਸਾਫ ਮਿਲਣਾ ਚਾਹੀਦਾ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
- Punjab Weather Update: ਪੰਜਾਬ ਦੇ ਵਿੱਚ 18 ਜੂਨ ਤਕ ਯੈਲੋ ਅਲਰਟ ਜਾਰੀ, ਜਾਣੋ ਮੀਂਹ ਸਬੰਧੀ ਅਪਡੇਟ
- NIA Action on Khalistani Supporters: ਐਨਆਈਏ ਦੀ ਰਡਾਰ ਉੱਤੇ 45 ਖਾਲਿਸਤਾਨੀ ਸਮਰਥਕ, ਸੂਚੀ ਕੀਤੀ ਜਾਰੀ
- Pink Bollworm Attack: ਮਾਲਵੇ ਖੇਤਰ ਵਿੱਚ ਨਰਮੇ ਉੱਤੇ ਗੁਲਾਬੀ ਸੁੰਡੀ ਦੀ ਮਾਰ, ਕਿਸਾਨਾਂ ਦੀ ਵਧੀ ਚਿੰਤਾ
ਥਾਣਾ ਮਾਛੀਵਾੜਾ ਸਾਹਿਬ ਦੀ ਐਸਐਚਓ ਮਨਦੀਪ ਕੌਰ ਨੇ ਦੱਸਿਆ ਕਿ ਮਨਜੀਤ ਸਿੰਘ ਨੇ ਥਾਣੇ ਆ ਕੇ ਆਪਣੇ ਬਿਆਨ ਦਰਜ ਕਰਵਾਏ ਹਨ। ਮਨਜੀਤ ਸਿੰਘ ਵੱਲੋਂ ਵਾਇਰਲ ਵੀਡੀਓ ਵੀ ਦਿਖਾਈ ਗਈ, ਜਿਸਤੋਂ ਬਾਅਦ ਪੁਲਿਸ ਨੇ ਸੁਨੀਲ ਸ਼ੀਲਾ, ਗੋਗੜ ਅਤੇ ਜੱਸੂ ਨਾਂ ਦੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ 2 ਮੌਕੇ ਤੋਂ ਫਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਸੁਨੀਲ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।