ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਗਾਤਾਰ ਫੈਲ ਰਹੇ ਕਰੋਨਾ ਵਾਇਰਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਕਈ ਅਹਿਮ ਫੈਸਲੇ ਲੈਂਦਿਆਂ ਜਿੱਥੇ ਪੂਰੇ ਪੰਜਾਬ 'ਚ ਨਾਈਟ ਕਰਫਿਊ ਮੁੜ ਜਾਰੀ ਕਰ ਸ਼ਨੀਵਾਰ ਐਤਵਾਰ ਨੂੰ ਮੁਕੰਮਲ ਬੰਦ ਦਾ ਐਲਾਨ ਕੀਤਾ ਹੈ ਉੱਥੇ ਹੀ ਕੋਰੋਨਾ ਦਾ ਗੜ੍ਹ ਬਣੇ ਜ਼ਿਲ੍ਹਾ ਲੁਧਿਆਣਾ 'ਚ ਦੁਕਾਨਾਂ ਖੋਲਣ ਲਈ ਆਡ-ਈਵਨ ਫਾਰਮੂਲਾ ਲਾਗੂ ਕੀਤਾ ਗਿਆ ਹੈ। ਇਸ ਫਾਰਮੂਲੇ ਨੂੰ ਲੈ ਕੇ ਲੁਧਿਆਣਾ ਦੇ ਚੌੜਾ ਬਾਜ਼ਾਰ ਦੇ ਵਪਾਰੀ ਵਰਗ ਅਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਹੈ।
ਗੱਲਬਾਤ ਕਰਦਿਆਂ ਵਪਾਰੀ ਵਗਰ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਵਪਾਰ ਕਰਨ ਵਾਲਿਆਂ ਨੂੰ ਵਧੇਰੇ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਐਤਵਾਰ ਨੂੰ ਛੱਡ ਹੋਰ ਕਿਸੇ ਦਿਨ ਮੁਕੰਮਲ ਬੰਦ ਦਾ ਐਲਾਨ ਕਰਨਾ ਚਾਹੀਦਾ ਸੀ ਕਿਉਂਕਿ ਐਤਵਾਰ ਵਾਲੇ ਦਿਨ ਹੀ ਲੋਕ ਖ਼ਰੀਦਦਾਰੀ ਕਰਨ ਆਉਂਦੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਹਰ ਵਾਰ ਵਪਾਰੀਆਂ ਨਾਲ ਧੱਕਾ ਕਰਦੀ ਆਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਆਪਣੇ ਮੁਨਾਫੇ ਦੀਆਂ ਸਾਰੀਆਂ ਦੁਕਾਨਾਂ ਜਿਵੇਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ ਪਰ ਵਪਾਰੀਆਂ ਦਾ ਕੰਮਕਾਜ ਠੱਪ ਕਰ ਕੇ ਰੱਖ ਦਿੱਤਾ ਹੈ।
ਦੂਜੇ ਪਾਸੇ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਾਰੇ ਤਰ੍ਹਾਂ ਦੇ ਟੈਕਸ ਅਤੇ ਬਿਲ ਆਦਿ ਭਰੇ ਜਾ ਰਹੇ ਹਨ ਪਰ ਖ਼ਰਚ ਕੱਢਣ ਲਈ ਉਨ੍ਹਾਂ ਕੋਲ ਕੋਈ ਪੱਕਾ ਪ੍ਰਬੰਧ ਹੁਣ ਨਹੀਂ ਰਿਹਾ। ਉਨ੍ਹਾਂ ਆਪਣੀ ਮੁਸ਼ਕਲਾਂ ਬਾਰੇ ਦੱਸਦਿਆਂ ਕਿਹਾ ਕਿ ਭਾੜੇ 'ਤੇ ਲਈਆਂ ਦੁਕਾਨਾਂ ਨੂੰ ਖ਼ਾਲੀ ਕਰ ਲੋਕ ਘਰ ਚਲੇ ਗਏ ਹਨ ਜਿਸ ਕਾਰਨ ਉਨ੍ਹਾਂ ਨੂੰ ਘਰ ਚਲਾਉਣਾ ਮੁਸ਼ਕਲ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਲੁਧਿਆਣਾ ਕੋਰੋਨਾ ਦੇ ਸਭ ਤੋਂ ਵੱਧ ਮਾਮਲਿਆਂ ਦੇ ਨਾਲ ਪਹਿਲੇ ਨੰਬਰ 'ਤੇ ਕਾਬਜ਼ ਹੈ। ਲੁਧਿਆਣਾ 'ਚ ਹੁਣ ਤਕ 300 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ 9 ਹਜ਼ਾਰ ਤੋਂ ਵੱਧ ਵਿਅਕਤੀ ਕੋਰੋਨਾ ਪੀੜਤ ਪਾਏ ਗਏ ਹਨ।
ਦਿਨੋਂ ਦਿਨ ਵੱਧ ਰਹੇ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਵੱਲੋਂ ਜ਼ਿਲ੍ਹੇ 'ਚ ਆਡ-ਈਵਨ ਸਣੇ ਕਈ ਕਦਮ ਚੁੱਕੇ ਗਏ ਹਨ। ਇਸ ਲਈ ਲੋੜ ਹੈ ਕਿ ਸਰਕਾਰ ਅਤੇ ਲੋਕ ਇੱਕ ਦੂਜੇ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦਿਆਂ ਇੱਕ ਦੂਜੇ ਦਾ ਸਹਿਯੋਗ ਕਰਨ।