ਲੁਧਿਆਣਾ : ਨਵਜੋਤ ਸਿੰਘ ਸਿੱਧੂ ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਪੂਰੀ ਕਾਂਗਰਸ ਪਾਰਟੀ ਵੰਡੀ-ਵੰਡੀ ਵਿਖਾਈ ਦੇ ਰਹੀ ਹੈ। ਇਕ ਪਾਸੇ ਜਿਥੇ ਸਿੱਧੂ ਖੇਮੇ 'ਚ ਜਸ਼ਨ ਮਨਾਏ ਜਾ ਰਹੇ ਨੇ ਉੱਥੇ ਹੀ ਪੁਰਾਣੇ ਅਤੇ ਰਵਾਇਤੀ ਕਾਂਗਰਸੀ ਕੋਈ ਬਹੁਤੀ ਖ਼ੁਸ਼ ਵਿਖਾਈ ਨਹੀਂ ਦੇ ਰਹੇ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਵਿਚ ਨਾ ਤਾਂ ਬੀਤੇ ਦਿਨ ਨਵਜੋਤ ਸਿੰਘ ਸਿੱਧੂ ਕਿਸੇ ਵਿਧਾਇਕ ਨੂੰ ਮਿਲਣ ਪਹੁੰਚੇ ਅਤੇ ਨਾ ਹੀ ਕਿਸੇ ਵਿਧਾਇਕ ਨੇ ਬਹੁਤਾ ਖੁਸ਼ੀ ਦਾ ਇਜ਼ਹਾਰ ਕੀਤਾ।
ਸਿਰਫ ਸੰਜੇ ਤਲਵਾਰ ਨੇ ਜ਼ਰੂਰ ਬੀਤੀ ਰਾਤ ਆਪਣੇ ਸੋਸ਼ਲ ਮੀਡੀਆ 'ਤੇ ਵਧਾਈ ਦਾ ਮੈਸੇਜ ਪਾਇਆ ਪਰ ਅੱਜ ਲੁਧਿਆਣਾ ਦੇ ਜ਼ਿਲ੍ਹਾ ਕਾਂਗਰਸ ਦਫ਼ਤਰ 'ਚ ਰੱਖੇ ਗਏ ਸਮਾਗਮ ਦੇ ਅੰਦਰ ਕੋਈ ਵੀ ਵਿਧਾਇਕ ਨਹੀਂ ਪਹੁੰਚਿਆ। ਜਿਸ 'ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਸਫ਼ਾਈ ਦਿੰਦੇ ਵਿਖਾਈ ਦਿੱਤੇ।
ਜਦੋਂ ਸਾਡੀ ਟੀਮ ਵੱਲੋਂ ਅਸ਼ਵਨੀ ਸ਼ਰਮਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਲੁਧਿਆਣਾ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਗੋਲ-ਮੋਲ ਜਵਾਬ ਦਿੰਦਿਆਂ ਕਿਹਾ ਕਿ ਸਮਾਗਮ ਬਾਰੇ ਕਿਸੇ ਨੂੰ ਵੀ ਸੱਦਾ ਨਹੀਂ ਦਿੱਤਾ ਗਿਆ ਸੀ ਜੇਕਰ ਕੋਈ ਸੱਦਾ ਰੱਖ ਕੇ ਪ੍ਰੋਗਰਾਮ ਕੀਤਾ ਜਾਵੇਗਾ ਤਾਂ ਉਸ ਵਿੱਚ ਸਾਰੇ ਵਿਧਾਇਕ ਜ਼ਰੂਰ ਸ਼ਾਮਿਲ ਹੋਣਗੇ। ਹਾਲਾਂਕਿ ਇਸ ਦੌਰਾਨ ਕਾਂਗਰਸੀ ਵਰਕਰ ਤਾਂ ਜ਼ਰੂਰ ਇਕੱਠੇ ਹੋਏ ਪਰ ਕੋਈ ਵੱਡਾ ਚਿਹਰਾ ਪਾਰਟੀ ਦਫਤਰ ਦੇ ਅੰਦਰ ਵਿਖਾਈ ਹੀ ਨਹੀਂ ਦਿੱਤਾ ਕਿਉਂਕਿ ਪਹਿਲਾਂ ਹੀ ਲੁਧਿਆਣਾ ਤੋਂ ਵਿਧਾਇਕ ਕੁਲਦੀਪ ਵੈਦ ਕੈਪਟਨ ਦੇ ਹੱਕ ਦੇ ਵਿੱਚ ਆਪਣਾ ਸਮਰਥਨ ਦੇ ਚੁੱਕੇ ਨੇ।
ਇਹ ਵੀ ਪੜ੍ਹੋ:ਭਲਕੇ ਅੰਮ੍ਰਿਤਸਰ ਪਹੁੰਚਣਗੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ
ਉੱਥੇ ਹੀ ਦੂਜੇ ਪਾਸੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਅਤੇ ਸੁਰਿੰਦਰ ਡਾਵਰ ਵੀ ਕੈਪਟਨ ਖੇਮੇ ਦੇ ਵਿੱਚ ਹੀ ਅਸਿੱਧੇ ਤੌਰ 'ਤੇ ਸ਼ਾਮਿਲ ਨੇ ਜਦੋਂਕਿ ਸੰਜੇ ਤਲਵਾੜ ਵੱਲੋਂ ਜ਼ਰੂਰ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਗਈ ਸੀ ਪਰ ਪ੍ਰਧਾਨ ਅਸ਼ਵਨੀ ਸ਼ਰਮਾ ਇਹ ਕਹਿੰਦੇ ਵਿਖਾਈ ਦਿੱਤੇ ਕਿ ਉਨ੍ਹਾਂ ਦੀ ਪਾਰਟੀ ਇਕਜੁੱਟ ਹੈ ਅਤੇ ਇਕਜੁੱਟ ਹੋ ਕੇ ਹੀ ਉਹ ਚੋਣਾਂ ਲੜਨਗੇ।