ਖੰਨਾ: ਇੱਥੇ ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਸਦਰ ਥਾਣਾ ਪੁਲਿਸ ਨੇ ਇੱਕ ਨਾਈਜ਼ੀਰੀਅਨ ਮਹਿਲਾ ਨੂੰ 700 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 3 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਖੰਨਾ ਦੇ ਐਸਐਸਪੀ ਧਰੁਵ ਦਾਹਿਆ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹੁਣ ਤਕ ਖੰਨਾ ਪੁਲਿਸ 23 ਵਿਦੇਸ਼ੀ ਨਾਗਰਿਕਾਂ ਨੂੰ ਨਸ਼ੇ ਸਮੇਤ ਗਿਰਫ਼ਤਾਰ ਕਰ ਚੁੱਕੀ ਹੈ।
ਖੰਨਾ ਪੁਲਿਸ ਦੇ ਐਸਐਸਪੀ ਨੇ ਦੱਸਿਆ ਕਿ ਖੰਨਾ ਸਦਰ ਪੁਲਿਸ ਦੀ ਟੀਮ ਨੇ ਵੱਡੀ ਮੁਸਤੈਦੀ ਨਾਲ ਪਾਣੀ ਵਾਲੇ ਫ਼ਿਲਟਰ ਵਿੱਚ ਲੁਕਾ ਕੇ ਰੱਖੀ ਗਈ ਲਗਭਗ 700 ਗਰਾਮ ਹੈਰੋਇਨ ਸਮੇਤ ਵਿਦੇਸ਼ੀ ਮੂਲ ਦੀ ਔਰਤ ਨੂੰ ਕਾਬੂ ਕੀਤਾ ਹੈ। ਇਸਦੀ ਭੈਣ ਵੀ ਨਸ਼ਾ ਤਸਕਰੀ ਦੇ ਇਲਜ਼ਾਮਾਂ ਹੇਠ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ।
ਪੁਲਿਸ ਮੁਤਾਬਕ, ਫੜ੍ਹੀ ਗਈ ਮਹਿਲਾ ਹੁਣ ਦਿੱਲੀ ਵਿੱਚ ਰਹਿ ਰਹੀ ਸੀ ਅਤੇ ਇਹ ਭਾਰਤ ਟੂਰਿਸਟ ਵੀਜੇ 'ਤੇ ਆਈ ਸੀ। ਮਹਿਲਾ ਦੇ ਪਾਸਪੋਰਟ ਅਤੇ ਬਾਕੀ ਬਰਾਮਦ ਕੀਤੇ ਗਏ ਕਾਗਜ਼ਾਤ ਸੰਬੰਧਿਤ ਵਿਭਾਗ ਨੂੰ ਅੱਗੇ ਦੀ ਜਾਂਚ ਲਈ ਸੌਂਪ ਦਿੱਤੇ ਗਏ ਹਨ। ਇਸ ਔਰਤ ਦੀ ਗਿਰਫ਼ਤਾਰੀ ਦੇ ਬਾਅਦ ਇਸਦੇ ਨੈੱਟਵਰਕ ਦਾ ਵੀ ਭੰਡਾਫੋੜ ਹੋ ਸਕਦਾ ਹੈ।