ਲੁਧਿਆਣਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਮਿਲਿਆ ਹੈ ਅਤੇ ਜਿੱਤ ਪ੍ਰਾਪਤ ਕੀਤੀ ਹੈ। ਲੁਧਿਆਣਾ ਵਿੱਚ 14 ਵਿਧਾਨ ਸਭਾ ਹਲਕਿਆਂ ’ਚੋਂ13 ਸੀਟਾਂ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਹਨ। ਪਹਿਲੇ ਹੀ ਦਿਨ ਵਿਧਾਇਕ ਬਣਨ ਤੋਂ ਬਾਅਦ ਉਹ ਐਕਸ਼ਨ ਮੋਡ ਵਿੱਚ ਆਉਂਦੇ ਵਿਖਾਈ ਦੇ ਰਹੇ ਹਨ।
ਆਮ ਆਦਮੀ ਪਾਰਟੀ ਦੇ ਲੁਧਿਆਣਾ ਉੱਤਰੀ ਤੋਂ ਵਿਧਾਇਕ ਕ੍ਰਿਸ਼ਨ ਲਾਲ ਬੱਗਾ ਲੁਧਿਆਣਾ ਦੇ ਕੋਹੜ ਬੁੱਢੇ ਨਾਲੇ ਦਾ ਜਾਇਜ਼ਾ ਲੈਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਅਫ਼ਸਰਾਂ ਨਾਲ ਗੱਲਬਾਤ ਕੀਤੀ ਅਤੇ ਸਾਫ਼ ਕਿਹਾ ਕਿ ਘਰਾਂ ਵਿੱਚ ਬੈਠ ਕੇ ਹੁਕਮ ਚਲਾਉਣ ਦਾ ਸਮਾਂ ਖਤਮ ਹੋ ਗਿਆ ਹੈ ਅਤੇ ਹੁਣ ਜ਼ਮੀਨੀ ਪੱਧਰ ’ਤੇ ਕੰਮ ਹੋਵੇਗਾ।
ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਬੁੱਢੇ ਨਾਲੇ ਦੀ ਲੁਧਿਆਣਾ ਅੰਦਰ ਵੱਡੀ ਸਮੱਸਿਆ ਹੈ ਜਿਸ ਦਾ ਅਜੇ ਤੱਕ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੋ ਜਾਲੀਆਂ ਬੁੱਢੇ ਨਾਲੇ ਦੇ ਕੰਢੇ ’ਤੇ ਲਾਈਆਂ ਗਈਆਂ ਸਨ ਉਹ ਕਿੱਥੇ ਗਈਆਂ ਪਤਾ ਤੱਕ ਨਹੀਂ ਲੱਗਿਆ। ਵਿਧਾਇਕ ਨੇ ਕਿਹਾ ਕਿ ਘਰਾਂ ’ਚ ਬੈਠ ਕੇ ਹੁਕਮ ਚਲਾਉਣ ਵਾਲੇ ਵਿਧਾਇਕਾਂ ਦਾ ਸਮਾਂ ਖਤਮ ਹੋ ਗਿਆ ਹੁਣ ਜ਼ਮੀਨੀ ਪੱਧਰ ’ਤੇ ਕੰਮ ਹੋਣਗੇ ਅਤੇ ਅਫ਼ਸਰਾਂ ਨੂੰ ਕੰਮ ਕਰਨੇ ਪੈਣਗੇ ਅਤੇ ਜੋ ਕੰਮ ਨਹੀਂ ਕਰੇਗਾ ਉਹ ਫਿਰ ਸਿੱਧਾ ਚੰਡੀਗੜ੍ਹ ਜਾਵੇਗਾ।
ਹਾਲਾਂਕਿ ਜਦੋਂ ਉਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚ ਉਨ੍ਹਾਂ ਦਾ ਨਾਂ ਸ਼ਾਮਲ ਹੋਣ ਸਬੰਧੀ ਕਿਆਸ ਬਾਰੇ ਪੁੱਛਿਆ ਗਿਆ ਉਨ੍ਹਾਂ ਕਿਹਾ ਕਿ ਸਾਡਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ ਪਾਰਟੀ ਜੋ ਹੁਕਮ ਲਗਾਏਗੀ ਅਸੀਂ ਉਹ ਕਰਾਂਗੇ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਦੀ ਸਫਾਈ ਬੇਹੱਦ ਜ਼ਰੂਰੀ ਹੈ ਅਤੇ ਹੁਣ ਕੰਮ ਕਰ ਕੇ ਵਿਖਾਉਣਗੇ।
ਇਹ ਵੀ ਪੜ੍ਹੋ: ਜਿੱਤ ਦਾਅਵੇ, ਪਰ ਜ਼ਮਾਨਤ ਵੀ ਨਹੀਂ ਬਚਾ ਸਕੇ ਮੁੱਖ ਪਾਰਟੀਆਂ ਦੇ ਕਈ ਉਮੀਦਵਾਰ