ਲੁਧਿਆਣਾ: ਕੱਲ ਵਿਸ਼ਵ ਭਰ ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਣਾ ਹੈ। ਪੰਜਾਬ ਦੇ ਜ਼ਿਲ੍ਹਿਆਂ 'ਚ ਹਾਲੇ ਵੀ ਰਾਤ ਦਾ ਕਰਫਿਊ ਜਾਰੀ ਹੈ।
ਖਾਸ ਕਰਕੇ ਲੁਧਿਆਣਾ ਵਿੱਚ ਲਗਾਤਾਰ ਵੱਧ ਰਹੇ ਕੇਸਾਂ ਕਰਕੇ ਬੀਤੇ ਦਿਨੀਂ ਰਾਤ ਦਾ ਕਰਫਿਊ ਲਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਸ੍ਰੀ ਕ੍ਰਿਸ਼ਨ ਭਗਵਾਨ ਦੇ ਜਨਮ ਦਿਵਸ ਨੂੰ ਸਮਰਪਿਤ ਤਿਉਹਾਰ ਜਨਮ ਅਸ਼ਟਮੀਂ ਕਾਰਨ ਲੁਧਿਆਣਾ ਰਾਤ ਦੇ ਕਰਫਿਊ ਵਿੱਚ ਢੀਲ ਦਿਤੀ ਗਈ ਹੈ, ਇਹ ਢਿੱਲ ਸਿਰਫ 1 ਦਿਨ ਲਈ ਹੀ ਹੋਵੇਗੀ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਇਸ ਬਾਰੇ ਵਿਸਥਾਰ ਜਾਣਕਾਰੀ ਸਾਂਝੀ ਕੀਤੀ ਹੈ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਹੈ ਕਿ ਜਨਮ ਅਸ਼ਟਮੀ ਨੂੰ ਲੈ ਕੇ ਰਾਤ ਦੇ ਕਰਫਿਊ ਦੇ ਸਮੇਂ 'ਚ ਤਬਦੀਲ ਕਰਦਿਆਂ ਉਸ ਨੂੰ 1 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ 1 ਦਿਨ ਲਈ ਹੀ ਲਾਗੂ ਹੋਵੇਗਾ, ਕਿਉਂਕਿ ਜਨਮ ਅਸ਼ਟਮੀ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੇਖਦਿਆਂ ਪ੍ਰਸ਼ਾਸ਼ਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਲੋਕ ਇਸ ਦਾ ਨਾਜਾਇਜ਼ ਫਾਇਦਾ ਨਾ ਚੁੱਕਣ ਅਤੇ ਮੰਦਰਾਂ ਵਿੱਚ ਇੱਕ ਸਮੇਂ ਵਿੱਚ 20 ਤੋਂ ਵੱਧ ਸ਼ਰਧਾਲੂ ਇਕੱਠੇ ਨਾ ਹੋਣ, 12 ਵਜੇ ਤੋਂ ਬਾਅਦ ਸਿਰਫ 5 ਪੰਡਿਤਾਂ ਨੂੰ ਹੀ ਮੰਦਰ ਵਿੱਚ ਆਰਤੀ ਕਰਨ ਦੀ ਇਜਾਜ਼ਤ ਹੈ, ਆਮ ਲੋਕ ਮੰਦਰਾਂ ਵਿੱਚ ਭੀੜ ਇਕੱਠੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਧਾਰਮਿਕ ਭਾਵਨਾਵਾਂ ਨੂੰ ਵੇਖਦਿਆਂ ਇਹ ਫੈਸਲਾ ਲਿਆ ਗਿਆ ਹੈ ਅਤੇ ਲੋਕਾਂ ਨੂੰ ਵੀ ਉਨ੍ਹਾਂ ਨੂੰ ਪੂਰੇ ਸਹਿਯੋਗੀ ਦੀ ਉਮੀਦ ਹੈ।