ਲੁਧਿਆਣਾ: ਠਾਣਾ ਟਿੱਬਾ ਦੇ ਅਧੀਨ ਪੈਂਦੀ ਗੋਲਡਨ ਕਲੋਨੀ ਦੇ ਵਿੱਚ ਇੱਕ ਮਹਿਲਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਮਹਿਲਾ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਹੈ।
ਮਹਿਲਾ ਦੀ ਪਛਾਣ ਰੀਨਾ ਵਜੋਂ ਹੋਈ ਹੈ ਜਿਸ ਨੇ ਥਾਣਾ ਟਿੱਬਾ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤਾ ਨੇ ਦੱਸਿਆ ਕਿ ਗਲੀ ਵਿੱਚ ਬੱਚਿਆਂ ਦੀਆਂ ਖੇਡਾਂ ਨੂੰ ਲੈ ਕੇ ਉਨ੍ਹਾਂ ਦੇ ਗੁਆਂਢ ਵਿੱਚ ਹੀ ਰਹਿਣ ਵਾਲੇ ਪਰਿਵਾਰ ਨਾਲ ਉਨ੍ਹਾਂ ਦਾ ਮਾਮੂਲੀ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਦੂਜੇ ਪਰਿਵਾਰ ਦੀ ਨੂੰਹ ਵੱਲੋਂ ਆਪਣੇ ਭਰਾਵਾਂ ਤੇ ਕੁਝ ਅਣਪਛਾਤੇ ਲੋਕਾਂ ਨੂੰ ਬੁਲਾ ਲਿਆ ਗਿਆ। ਜਿਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ। ਉਧਰ ਪੀੜਤਾ ਦੇ ਪਤੀ ਨੇ ਕਿਹਾ ਕਿ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਉਸ ਦੀ ਪਤਨੀ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਇਲਾਕੇ ਦਾ ਕੌਂਸਲਰ ਉਨ੍ਹਾਂ ਨੂੰ ਸਮਝੌਤਾ ਕਰਨ ਲਈ ਕਹਿ ਰਿਹਾ ਹੈ। ਦੂਜੇ ਪਾਸੇ ਥਾਣਾ ਟਿੱਬਾ ਦੇ ਮੁਖੀ ਮੁਹੰਮਦ ਜਮੀਲ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਜਿਸ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।