ਲੁਧਿਆਣਾ: ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਨਕਾਰ ਦਿੱਤਾ ਗਿਆ ਹੈ, ਇਸ ਲਈ ਪੰਜਾਬ ਦੇ ਭਾਜਪਾ ਆਗੂ ਇਨ੍ਹਾਂ ਬਿੱਲਾਂ ਨੂੰ ਰੱਦੀ ਦੀ ਟੋਕਰੀ ’ਚ ਪਾ ਕੇ ਦਿੱਲੀ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇ ਦੇਣ।
ਕਾਂਗਰਸ ਸਰਕਾਰ ਨੇ ਕੇਂਦਰ ਦੇ ਖੇਤੀ ਕਾਨੂੰਨ ਨੂੰ ਬਣਾਇਆ ਰੱਦੀ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੇ ਲੋਕ ਸਭਾ ਵਿੱਚ ਬੜੇ ਹੀ ਜ਼ੋਰ ਸ਼ੋਰ ਨਾਲ ਕਿਸਾਨ ਵਿਰੋਧੀ ਖੇਤੀ ਬਿੱਲ ਪਾਸ ਕੀਤੇ ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਬਿੱਲ ਪਾਸ ਕਰਕੇ ਉਨ੍ਹਾਂ ਨੂੰ ਰੱਦੀ ਬਣਾ ਕੇ ਦੇ ਦਿੱਤਾ ਹੈ ਤੇ ਹੁਣ ਅਸੀਂ ਇਹ ਰੱਦੀ ਬਣਿਆ ਬਿੱਲ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰਨਾਂ ਆਗੂਆਂ ਨੂੰ ਦੇਵਾਂਗੇ ਜੋ ਦਿੱਲੀ ਜਾ ਕੇ ਵਾਪਿਸ ਕਰ ਆਉਣ। ਉਨ੍ਹਾਂ ਕਿਹਾ ਕਿ ਸਾਰੀਆਂ ਹੀ ਪਾਰਟੀਆਂ ਨੇ ਵਿਧਾਨ ਸਭਾ ’ਚ ਕਿਸਾਨ ਪੱਖੀਂ ਰਵੱਈਆ ਦਿਖਾਇਆ ਪਰ ਹੁਣ ਬਾਹਰ ਜਾ ਕੇ ਸਿਆਸਤ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਕਾਂਗਰਸ ਸਰਕਾਰ ਨੇ ਕਿਸਾਨ ਹਿਤਾਂ ਲਈ ਸਪੱਸ਼ਟ ਸਟੈਂਡ ਲਿਆ ਤੇ ਜੋ ਨਵੇਂ ਬਿੱਲ ਪਾਸ ਕੀਤੇ, ਉਨ੍ਹਾਂ ਤਹਿਤ ਹੁਣ ਕਿਸਾਨਾਂ ਦੀ ਲੁੱਟ ਨਹੀਂ ਹੋਵੇਗੀ।
ਦਿੱਲੀ ਵਿੱਚ ਧਰਨਾ ਲਾਉਣ ਦੀ ਚਿਤਾਵਨੀ
ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਅਜੇ ਤਾਂ ਕਿਸਾਨ ਹਿਤਾਂ ਦੀ ਸ਼ੁਰੂਆਤ ਹੈ, ਇਸ ਬਿੱਲ ਉਪਰ ਅਜੇ ਰਾਸ਼ਟਰਪਤੀ ਅਤੇ ਰਾਜਪਾਲ ਦੇ ਦਸਤਖਤ ਹੋਣੇ ਹਨ ਅਤੇ ਜੇਕਰ ਉਨ੍ਹਾਂ ਪੰਜਾਬ ਦੇ ਪਾਸ ਕੀਤੇ ਗਏ ਬਿੱਲਾਂ ’ਤੇ ਸਹਿਮਤੀ ਨਾ ਪ੍ਰਗਟਾਈ ਤਾਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਦਿੱਲੀ ਵਿਖੇ ਜਾ ਕੇ ਪੱਕੇ ਤੌਰ ’ਤੇ ਧਰਨਾ ਲਾ ਦੇਣਗੇ।
ਖੇਤੀਬਾੜੀ ਬਿੱਲ ਲਾਗੂ ਨਹੀਂ ਹੋਣ ਦਿਆਂਗੇ
ਐਮ.ਪੀ ਬਿੱਟੂ ਨੇ ਕਿਹਾ ਕਿ ਭਾਜਪਾ ਆਗੂਆਂ ਵਲੋਂ ਉਸ ਖਿਲਾਫ਼ ਵੱਖ-ਵੱਖ ਥਾਣਿਆਂ ਵਿਚ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਹਨ ਅਤੇ ਜੇਕਰ ਪਰਚੇ ਵੀ ਦਰਜ ਹੋ ਜਾਂਦੇ ਹਨ ਤਾਂ ਉਹ ਵੀ ਉਨ੍ਹਾਂ ਲਈ ਮੈਡਲਾਂ ਵਰਗੇ ਹਨ ਕਿਉਂਕਿ ਅਸੀਂ ਸਾਰੇ ਹੀ ਪੰਜਾਬੀ ਕਿਸਾਨ ਹਾਂ ਅਤੇ ਸਾਡੇ ਸੂਬੇ ਦੀ ਆਤਮ-ਨਿਰਭਰਤਾ ਕਿਸਾਨੀ ’ਤੇ ਹੀ ਹੈ। ਅੰਬਾਨੀ-ਅਡਾਨੀ ਨੇ ਸਮਰਥਨ ਮੁੱਲ ਤੋਂ ਘੱਟ ਰੇਟ ’ਤੇ ਫਸਲ ਖਰੀਦੀ ਤਾਂ ਨਾਭਾ ਜੇਲ੍ਹ ’ਚ ਡੱਕਾਂਗੇ। ਐਮ.ਪੀ ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਦੇ ਚਹੇਤੇ ਅੰਬਾਨੀ-ਅਡਾਨੀ ’ਤੇ ਵਰਦਿਆਂ ਕਿਹਾ ਕਿ ਹੁਣ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਪਾਸ ਹੋ ਗਿਆ ਹੈ ਕਿ ਕੋਈ ਵੀ ਵਪਾਰੀ ਜੇਕਰ ਸਮਰਥਨ ਮੁੱਲ ਤੋਂ ਘੱਟ ਭਾਅ ’ਤੇ ਫਸਲ ਖਰੀਦੇਗਾ ਤਾਂ ਉਸ ਨੂੰ 3 ਸਾਲ ਦੀ ਸਜ਼ਾ ਹੋਵੇਗੀ, ਇਸ ਲਈ ਪਹਿਲੀ ਗੱਲ ਤਾਂ ਕੇਂਦਰ ਵੱਲੋਂ ਪਾਸ ਕੀਤਾ ਗਿਆ ਖੇਤੀਬਾੜੀ ਬਿੱਲ ਲਾਗੂ ਨਹੀਂ ਹੋਣ ਦਿਆਂਗੇ।
ਦਿੱਲੀ ਨੂੰ ਜਾਂਦਾ ਪਾਣੀ ਤੇ ਡੈਮਾਂ ’ਤੋਂ ਜਾਂਦੀ ਬਿਜਲੀ ਬੰਦ ਕਰ ਦਵਾਂਗੇ
ਐਮ.ਪੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੀਆਂ ਫਸਲਾਂ ਨੂੰ ਖਰੀਦਣ ਲਈ ਰੁਕਾਵਟਾਂ ਖੜ੍ਹੀਆਂ ਕੀਤੀਆਂ ਤਾਂ ਅਖੀਰ ਵਿੱਚ ਪੰਜਾਬ ਦੇ ਲੋਕ ਆਰ-ਪਾਰ ਦੀ ਲੜਾਈ ਲੜਦਿਆਂ ਦਿੱਲੀ ਨੂੰ ਜਾਂਦਾ ਪਾਣੀ ਤੇ ਭਾਖੜਾ ਡੈਮ ’ਚੋਂ ਜਾਂਦੀ ਬਿਜਲੀ ਬੰਦ ਕਰ ਦੇਵਾਂਗੇ। ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਣ ਦੀਆਂ ਕਿਆਸ ਅਰਾਈਆਂ ’ਤੇ ਬਿੱਟੂ ਨੇ ਕਿਹਾ ਕਿ ਮੋਦੀ ਕੁਝ ਵੀ ਕਰ ਸਕਦਾ ਹੈ, ਜਿਸ ਤਰ੍ਹਾਂ ਜੰਮੂ-ਕਸ਼ਮੀਰ ’ਚ ਉੱਥੋਂ ਦੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਉਸੇ ਤਰ੍ਹਾਂ ਹੀ ਪੰਜਾਬ ਦੇ ਕਿਸਾਨਾਂ ਨਾਲ ਵੀ ਉਹ ਹੱਦ ਤੋਂ ਵੱਧ ਧੱਕੇਸ਼ਾਹੀ ਕਰ ਸਕਦਾ ਹੈ।