ਖੰਨਾ/ਲੁਧਿਆਣਾ: ਮਾਂ ਦੇ ਪਿਆਰ ਦੀ ਮਿਸਾਲ ਅਕਸਰ ਸੁਣਨ ਨੂੰ ਮਿਲਦੀ ਹੈ ਕਿ ਮਾਂ ਆਪਣੇ ਬੱਚਿਆਂ ਨੂੰ ਇੰਨਾ ਪਿਆਰ ਕਰਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਖ਼ਾਤਰ ਕੁਝ ਵੀ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੀ ਹੈ। ਪਰ, ਖੰਨਾ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਮਾਂ ਦੀ ਬੇਰਹਿਮੀ ਦੀਆਂ ਚਰਚਾਵਾਂ ਕਰਵਾ ਦਿੱਤੀਆਂ। ਘਰੇਲੂ ਝਗੜੇ ਵਿੱਚ ਇੱਕ ਔਰਤ ਆਪਣੇ 10 ਮਹੀਨੇ ਦੇ ਬੱਚੇ ਨੂੰ ਇਲਾਕੇ ਵਿੱਚ ਲਾਵਾਰਸ ਛੱਡ ਦਿੱਤਾ। ਇਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ।
ਬੱਚੇ ਨੂੰ ਪਿਤਾ ਦੇ ਹਵਾਲੇ ਕੀਤਾ: ਇਸ ਘਟਨਾ ਕਾਰਨ ਪੂਰੇ ਸ਼ਹਿਰ ਵਿਚ ਹਫੜਾ-ਦਫੜੀ ਮਚ ਗਈ। ਮਾਮਲਾ ਬੱਚੇ ਨਾਲ ਜੁੜਿਆ ਹੋਇਆ ਸੀ, ਤਾਂ ਪੁਲਿਸ ਪ੍ਰਸ਼ਾਸਨ ਦਾ ਤੁਰੰਤ ਹਰਕਤ ਵਿੱਚ ਆਉਣਾ ਸੁਭਾਵਿਕ ਸੀ। ਪੁਲਿਸ ਨੇ ਉਸ ਵੇਲੇ ਸੁੱਖ ਦਾ ਸਾਹ ਲਿਆ ਜਦੋਂ ਸੋਸ਼ਲ ਮੀਡੀਆ ਰਾਹੀਂ ਬੱਚੇ ਦੀ ਪਛਾਣ ਕਰਕੇ ਬੱਚੇ ਨੂੰ ਉਸ ਦੇ ਪਿਤਾ ਹਵਾਲੇ ਕੀਤਾ ਗਿਆ।
ਬੱਚਾ ਕਿਸੇ ਹੋਰ ਨੂੰ ਦੇ ਕੇ ਆਪ ਫ਼ਰਾਰ: ਬੱਚੇ ਦੇ ਪਿਤਾ ਅਨਮੋਲ ਨੇ ਦੱਸਿਆ ਕਿ ਉਸ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ। ਉਸ ਦੀ ਪਤਨੀ ਇੱਕ ਮਹੀਨੇ ਲਈ ਸਰਹਿੰਦ ਵਿਖੇ ਆਪਣੇ ਪੇਕੇ ਗਈ ਹੋਈ ਸੀ। ਮੰਗਲਵਾਰ ਨੂੰ ਉਸ ਦੀ ਪਤਨੀ ਨੇ 9 ਮਹੀਨੇ ਦੇ ਬੱਚੇ ਅੰਸ਼ ਨੂੰ ਆਪਣੀ ਜਾਣਕਾਰ ਔਰਤ ਦੇ ਰਾਹੀਂ ਮੁਹੱਲੇ ਦੇ ਚੌਕ 'ਚ ਇਕ ਲੜਕੀ ਨੂੰ ਫੜਾ ਦਿੱਤਾ ਅਤੇ ਖੁਦ ਉਥੋ ਭੱਜ ਗਈ।
ਇਸ ਤੋਂ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ ਕਿ ਕੋਈ ਔਰਤ ਮਾਸੂਮ ਬੱਚੇ ਨੂੰ ਛੱਡ ਕੇ ਭੱਜ ਗਈ। ਕਾਫੀ ਸਮੇਂ ਬਾਅਦ ਜਦੋਂ ਬੱਚੇ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ, ਤਾਂ ਉਸ ਨੂੰ ਪਤਾ ਲੱਗਾ ਕਿ ਇਹ ਉਸ ਦਾ ਬੇਟਾ ਹੈ। ਉਹ ਆਪਣੀ ਮਾਂ ਦੇ ਨਾਲ ਮੌਕੇ 'ਤੇ ਗਿਆ ਅਤੇ ਬੱਚੇ ਨੂੰ ਅਪਣੇ ਕੋਲ ਲਿਆ। ਅਨਮੋਲ ਨੇ ਆਪਣੀ ਪਤਨੀ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਬੱਚੇ ਦੀ ਦਾਦੀ ਊਸ਼ਾ ਨੇ ਦੱਸਿਆ ਕਿ ਉਸ ਦੀ ਨੂੰਹ ਝਗੜੇ ਤੋਂ ਬਾਅਦ ਆਪਣੇ ਪੇਕੇ ਘਰ ਗਈ ਹੋਈ ਹੈ। ਬੱਚੇ ਨੂੰ ਵੀ ਆਪਣੇ ਨਾਲ ਲੈ ਗਈ ਸੀ, ਪਰ ਅੱਜ ਮਾਸੂਮ ਬੱਚੇ ਨੂੰ ਲਾਵਾਰਸ ਛੱਡ ਦਿੱਤਾ ਗਿਆ ਜਿਸ ਕਾਰਨ ਬੱਚੇ ਦਾ ਕੋਈ ਨੁਕਸਾਨ ਵੀ ਹੋ ਸਕਦਾ ਸੀ।
ਦੂਜੇ ਪਾਸੇ ਵਾਰਡ ਦੇ ਕੌਂਸਲਰ ਹਰਦੀਪ ਨੀਨੂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਔਰਤ ਨੇ ਲੜਕੀ ਨੂੰ ਇਹ ਕਹਿ ਕੇ ਬੱਚਾ ਫੜਾ ਦਿੱਤਾ ਸੀ ਕਿ ਉਸ ਦੀ ਬਾਂਹ ਵਿੱਚ ਦਰਦ ਹੋ ਰਿਹਾ ਹੈ। ਬੱਚੇ ਨੂੰ ਆਪਣੇ ਨਾਲ ਕਰਿਆਨੇ ਦੀ ਦੁਕਾਨ 'ਤੇ ਲੈ ਆਓ। ਜਦੋਂ ਲੜਕੀ ਨੇ ਬੱਚੇ ਨੂੰ ਫੜਿਆ ਤਾਂ ਇਸ ਦੌਰਾਨ ਔਰਤ ਉਥੋਂ ਭੱਜ ਗਈ। ਇਸ ਤੋਂ ਬਾਅਦ ਇਲਾਕੇ 'ਚ ਰੌਲਾ ਪੈ ਗਿਆ, ਕਿਉਂਕਿ ਇਹ ਬੱਚੇ ਦਾ ਮਸਲਾ ਸੀ, ਇਸ ਲਈ ਪਹਿਲਾਂ ਲੱਗਦਾ ਸੀ ਕਿ ਬੱਚਾ ਚੋਰੀ ਦਾ ਹੋ ਸਕਦਾ ਹੈ ਜਾਂ ਕੋਈ ਹੋਰ ਗੰਭੀਰ ਮਾਮਲਾ ਹੋ ਸਕਦਾ ਹੈ। ਜਿਸ ਕਾਰਨ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਬੱਚੇ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ। ਸੋਸ਼ਲ ਮੀਡੀਆ ਰਾਹੀਂ ਬੱਚੇ ਦੇ ਪਰਿਵਾਰ ਦਾ ਪਤਾ ਲੱਗਿਆ। ਸਿਟੀ ਥਾਣਾ 2 ਦੇ ਐਸਐਚਓ ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਮੁਹੱਲਾ ਵਾਸੀਆਂ ਨੂੰ ਨਾਲ ਲੈ ਕੇ ਬੱਚੇ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਪਰਿਵਾਰ ਵਾਲੇ ਬੱਚੇ ਨੂੰ ਲੈਣ ਆ ਗਏ।