ਲੁਧਿਆਣਾ: ਸਲੇਮ ਟਾਬਰੀ ਇਲਾਕੇ ਵਿੱਚ ਇੱਕ ਦਿਲ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਕਲਯੁਗੀ ਮਾਂ ਨੇ ਆਪਣੀ 5 ਸਾਲਾਂ ਬੱਚੀ ਦਾ ਸਿਰ ਬਾਥਰੂਮ ਦੀ ਕੰਧ ਨਾਲ ਮਾਰ-ਮਾਰ ਕੇ ਮਾਸੂਮ ਬੱਚੀ ਦੀ ਜਾਨ ਲੈ ਲਈ।
ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਔਰਤ ਦਿਮਾਗ਼ੀ ਤੌਰ ਉਤੇ ਪ੍ਰੇਸ਼ਾਨ ਸੀ। ਜਿਸ ਦੇ ਚੱਲਦਿਆਂ ਉਸ ਨੇ ਬੇਰਹਿਮੀ ਨਾਲ ਆਪਣੀ ਕੁੱਖੋਂ ਜੰਮੀ ਧੀ ਨੂੰ ਮਾਰ ਮੁਕਾਇਆ। ਇਸ ਘਟਨਾ ਬਾਰੇ ਜਦੋਂ ਮ੍ਰਿਤਕ ਬੱਚੀ ਦੇ ਪਿਤਾ ਨੂੰ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਬੱਚੀ ਦੀ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਬੱਚੀ ਦੀ ਮੁਲਜ਼ਮ ਮਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਦੀਪਕ ਪਾਰਿਕ ਨੇ ਦੱਸਿਆ ਕਿ ਪੀੜਤ ਪਰਿਵਾਰ ਪ੍ਰਵਾਸੀ ਮਜ਼ਦੂਰ ਹੈ ਤੇ ਪਿਛਲੇ ਕੁਝ ਸਾਲਾਂ ਤੋਂ ਲੁਧਿਆਣਾ ਵਿਖੇ ਰਹਿ ਰਹੇ ਸਨ ਅਤੇ ਬੱਚੀ ਦੀ ਮੁਲਜ਼ਮ ਮਾਂ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਹੈ। ਇਸ ਨੂੰ ਸ਼ੱਕ ਸੀ ਕਿ ਬੱਚੀ ਵਿੱਚ ਮਾਤਾ ਆਉਂਦੀ ਹੈ, ਬੱਚੀ ਸਾਰੇ ਪਰਿਵਾਰ ਨੂੰ ਮਾਰ ਦੇਵੇਗੀ। ਜਿਸ ਕਰਕੇ ਸ਼ਨਿੱਚਰਵਾਰ ਨੂੰ ਮੁਲਜ਼ਮ ਆਪਣੀ ਬੱਚੀ ਨੂੰ ਪਹਿਲੀ ਮੰਜ਼ਿਲ 'ਤੇ ਬਣੇ ਬਾਥਰੂਮ ਵਿੱਚ ਲੈ ਗਈ ਤੇ ਉੱਥੇ ਇਸ ਨੇ ਬੱਚੀ ਦਾ ਸਿਰ ਕੰਧ ਵਿੱਚ ਮਾਰ ਕੇ ਕਤਲ ਕਰ ਦਿੱਤਾ।